ਭਾਰਤ ’ਚ 2031 ਤੱਕ 5-ਜੀ ਗਾਹਕਾਂ ਦੀ ਗਿਣਤੀ 1.1 ਅਰਬ ਤੱਕ ਪਹੁੰਚਣ ਦਾ ਅੰਦਾਜ਼ਾ : ਰਿਪੋਰਟ
Tuesday, Jun 16, 2026 - 08:46 PM (IST)
ਨਵੀਂ ਦਿੱਲੀ, (ਏਜੰਸੀ)- ਭਾਰਤ ’ਚ 2031 ਦੇ ਅੰਤ ਤੱਕ 5-ਜੀ ਗਾਹਕਾਂ ਦੀ ਗਿਣਤੀ 1.1 ਅਰਬ ਨੂੰ ਪਾਰ ਕਰ ਸਕਦੀ ਹੈ, ਜੋ ਕੁੱਲ ਕੁਨੈਕਸ਼ਨ ਦਾ 81 ਫੀਸਦੀ ਹੋਵੇਗੀ। ਸਵੀਡਨ ਦੀ ਦੂਰਸੰਚਾਰ ਉਪਕਰਣ ਬਣਾਉਣ ਵਾਲੀ ਕੰਪਨੀ ਐਰਿਕਸਨ ਦੀ ਰਿਪੋਰਟ ਅਨੁਸਾਰ 2025 ਦੇ ਅੰਤ ਤੱਕ 5-ਜੀ ਗਾਹਕਾਂ ਦੀ ਗਿਣਤੀ 43 ਕਰੋੜ ਤੱਕ ਪਹੁੰਚ ਗਈ ਸੀ ਅਤੇ ਕੁੱਲ ਮੋਬਾਈਲ ਕੁਨੈਕਸ਼ਨ ’ਚ ਇਨ੍ਹਾਂ ਦੀ ਹਿੱਸੇਦਾਰੀ 35 ਫੀਸਦੀ ਸੀ।
‘ਐਰਿਕਸਨ ਮੋਬਿਲਿਟੀ ਰਿਪੋਰਟ’ ਅਨੁਸਾਰ ਭਾਰਤ ਪ੍ਰਤੀ ਸਮਾਰਟਫੋਨ ਮੋਬਾਈਲ ਡਾਟਾ ਖਪਤ ਦੇ ਮਾਮਲੇ ’ਚ ਵੀ ਗਲੋਬਲ ਪੱਧਰ ’ਤੇ ਮੋਹਰੀ ਬਣਿਆ ਹੋਇਆ ਹੈ। ਔਸਤ ਮਹੀਨਾਵਾਰ ਖਪਤ 37 ਜੀ. ਬੀ. ਹੈ, ਜਿਸ ਦੇ 2031 ਤੱਕ ਲੱਗਭਗ ਦੁਗਣੀ ਹੋ ਕੇ 70 ਜੀ. ਬੀ. ਤੱਕ ਪਹੁੰਚਣ ਦੀ ਉਮੀਦ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ 5-ਜੀ ਨੂੰ ਅਪਣਾਉਣ ਦੀ ਰਫ਼ਤਾਰ ਜਾਰੀ ਹੈ, ਜਿਸ ਨੂੰ ਸਸਤੇ 5-ਜੀ ਸਮਾਰਟਫੋਨ ਅਤੇ ਉਪਕਰਣਾਂ ਦੀ ਉਪਲਬਧਤਾ, ਲੱਗਭਗ ਸਾਰੇ ਜ਼ਿਲਿਆਂ ’ਚ ਵਿਸਥਾਰਿਤ ਨੈੱਟਵਰਕ ਘੇਰੇ ਅਤੇ 5-ਜੀ ਫਿਕਸਡ ਵਾਇਰਲੈੱਸ ਐਕਸੈੱਸ (ਐੱਫ. ਡਬਲਯੂ. ਏ.) ਸੇਵਾਵਾਂ ਦੇ ਵਧਦੇ ਵਿਸਥਾਰ ਤੋਂ ਬਲ ਮਿਲ ਰਿਹਾ ਹੈ। ਇਸ ’ਚ ਕਿਹਾ ਗਿਆ ਕਿ 46 ਫੀਸਦੀ ਹਿੱਸੇਦਾਰੀ ਨਾਲ 4-ਜੀ ਹੁਣ ਵੀ ਪ੍ਰਮੁੱਖ ਤਕਨਾਲੋਜੀ ਬਣੀ ਹੋਈ ਹੈ। ਹਾਲਾਂਕਿ, ਯੂਜ਼ਰਜ਼ ਦੇ 5-ਜੀ ਵੱਲ ਰੁਖ ਕਾਰਨ 2025 ’ਚ ਇਸ ਦੇ ਗਾਹਕਾਂ ਦੇ ਲੱਗਭਗ 57 ਕਰੋੜ ਤੋਂ ਘਟ ਕੇ 2031 ਤੱਕ ਲੱਗਭਗ 16 ਕਰੋੜ ਰਹਿ ਜਾਣ ਦਾ ਅੰਦਾਜ਼ਾ ਹੈ।
5-ਜੀ ਅਪਣਾਉਣ ਦੀ ਤੇਜ਼ ਰਫ਼ਤਾਰ ਉੱਨਤ ਮੋਬਾਈਲ ਬ੍ਰਾਡਬੈਂਡ ’ਤੇ ਆਧਾਰਿਤ
ਐਰਿਕਸਨ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਨਿਤਿਨ ਬਾਂਸਲ ਨੇ ਕਿਹਾ ਕਿ ਭਾਰਤ ’ਚ 5-ਜੀ ਅਪਣਾਉਣ ਦੀ ਤੇਜ਼ ਰਫ਼ਤਾਰ ਉੱਨਤ ਮੋਬਾਈਲ ਬ੍ਰਾਡਬੈਂਡ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ, ‘‘ਦੇਸ਼ ’ਚ ਮਜ਼ਬੂਤ ਅਤੇ ਸੁਰੱਖਿਅਤ 5-ਜੀ ਬੁਨਿਆਦੀ ਢਾਂਚਾ ਸਮਾਵੇਸ਼, ਚੰਗਾ ਪ੍ਰਬੰਧ ਅਤੇ ਇਨੋਵੇਸ਼ਨ ਨੂੰ ਵੱਡੇ ਪੱਧਰ ’ਤੇ ਅੱਗੇ ਵਧਾ ਰਹੀ ਹੈ ਅਤੇ ਡਿਜੀਟਲ ਇੰਡੀਆ ਲਈ ਇਕ ਸ਼ਕਤੀਸ਼ਾਲੀ ਆਧਾਰ ਦੇ ਤੌਰ ’ਤੇ ਕੰਮ ਕਰ ਰਹੀ ਹੈ।’’ ਰਿਪੋਰਟ ’ਚ ਕਿਸੇ ਦਾ ਨਾਂ ਲਏ ਬਿਨਾਂ ‘ਇਕ ਅਹਿਮ ਘਟਨਾਚੱਕਰ’ ਵੱਲ ਧਿਆਨ ਦਿਵਾਇਆ ਗਿਆ, ਜਿਸ ’ਚ ਭਾਰਤ ’ਚ ਇਕ ਸੇਵਾਦਾਤਾ ਨੇ ਹਾਲ ਹੀ ’ਚ ਆਪਣੇ ਪੋਸਟਪੇਡ 5-ਜੀ ਗਾਹਕਾਂ ਲਈ ‘ਨੈੱਟਵਰਕ ਸਲਾਈਸਿੰਗ’ ਆਧਾਰਿਤ ਸੰਪਰਕ ਸੇਵਾਵਾਂ ਸ਼ੁਰੂ ਕੀਤੀਆਂ ਹਨ, ਜੋ ਬਾਜ਼ਾਰ ’ਚ ਉੱਨਤ 5-ਜੀ ਵਰਤੋਂ ਮਾਮਲਿਆਂ ਦੇ ਵਿਕਾਸ ਦਾ ਸੰਕੇਤ ਦਿੰਦੀਆਂ ਹਨ। ਗਲੋਬਲ ਪੱਧਰ ’ਤੇ, 2026 ਦੀ ਪਹਿਲੀ ਤਿਮਾਹੀ ’ਚ 5-ਜੀ ਮੋਬਾਈਲ ਗਾਹਕ 3 ਅਰਬ ਦੇ ਅੰਕੜੇ ਤੋਂ ਪਾਰ ਪਹੁੰਚ ਗਏ।
