ਨੂੰਹ ਹਿੰਸਾ ਦੇ ਵਿਰੋਧ ''ਚ ਸਰਬ ਹਿੰਦੂ ਮਹਾਪੰਚਾਇਤ ਦਾ ਐਲਾਨ, 28 ਨੂੰ ਫਿਰ ਕੱਢਾਂਗੇ ਬ੍ਰਿਜਮੰਡਲ ਯਾਤਰਾ
Monday, Aug 14, 2023 - 12:08 PM (IST)
ਪਲਵਲ (ਬਲਰਾਮ)- ਨੂਹ ਹਿੰਸਾ ਦੇ ਵਿਰੋਧ 'ਚ ਐਤਵਾਰ ਨੂੰ ਪਲਵਲ ਦੇ ਬਾਰਡਰ ’ਤੇ ਸਰਬ ਹਿੰਦੂ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਇਸ ’ਚ ਨੂਹ ਹਿੰਸਾ ਤੋਂ ਬਾਅਦ ਅਧੂਰੀ ਰਹਿ ਗਈ ਬ੍ਰਿਜਮੰਡਲ ਯਾਤਰਾ 28 ਅਗਸਤ ਨੂੰ ਪੂਰੀ ਕਰਨ ਦਾ ਫੈਸਲਾ 51 ਮੈਂਬਰੀ ਕਮੇਟੀ ਵੱਲੋਂ ਲਿਆ ਗਿਆ, ਜਿਸ ਦਾ ਸਾਰੇ ਹਾਜ਼ਰ ਲੋਕਾਂ ਨੇ ਸਮਰਥਨ ਕੀਤਾ ਹੈ। ਯਾਤਰਾ ਨੂਹ ਦੇ ਨਲਹੜ ਤੋਂ ਸ਼ੁਰੂ ਹੋਵੇਗੀ ਅਤੇ ਫਿਰ ਜ਼ਿਲ੍ਹੇ ਦੇ ਫਿਰੋਜ਼ਪੁਰ ਝਿਰਕਾ ਦੇ ਝਿਰ ਅਤੇ ਸ਼ਿੰਗਾਰ ਮੰਦਰਾਂ ਤੋਂ ਹੋ ਕੇ ਲੰਘੇਗੀ। ਦੱਸ ਦੇਈਏ ਕਿ ਇਹ ਯਾਤਰਾ 31 ਜੁਲਾਈ ਨੂੰ ਫਿਰਕੂ ਹਿੰਸਾ ਭੜਕਣ ਮਗਰੋਂ ਰੋਕ ਦਿੱਤੀ ਗਈ ਸੀ।
ਲਗਭਗ 6 ਘੰਟੇ ਤੱਕ ਚੱਲੀ ਮਹਾਪੰਚਾਇਤ ਦੀ ਪ੍ਰਧਾਨਗੀ ਮੇਵਾਤ ਦੇ 40 ਹਿੰਦੂ ਪਾਲ ਅਤੇ 12 ਮੁਸਲਿਮ ਪਾਲ ਦੇ ਪ੍ਰਧਾਨ ਚੌਧਰੀ ਅਰੁਣ ਜੈਲਦਾਰ ਨੇ ਕੀਤੀ। ਮਹਾਪੰਚਾਇਤ ’ਚ ਫੈਸਲਾ ਲੈਣ ਲਈ 51 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਮਹਾਪੰਚਾਇਤ ਵਿਚ ਪਲਵਲ, ਨੂਹ, ਗੁਰੂਗ੍ਰਾਮ, ਫਰੀਦਾਬਾਦ ਤੋਂ ਇਲਾਵਾ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ।
ਮਹਾਪੰਚਾਇਤ ਨੇ ਆਪਣੇ ਫੈਸਲੇ ’ਚ ਹਿੰਸਾ ਦੀ ਜਾਂਚ ਐੱਨ. ਆਈ. ਏ. ਤੋਂ ਕਰਾਉਣ, ਨੂਹ ’ਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਰੋਹਿੰਗਿਆਂ ਨੂੰ ਜ਼ਿਲ੍ਹੇ ਤੋਂ ਬਾਹਰ ਕੱਢਣ ਅਤੇ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਬਦਲਣ ਦੀ ਵੀ ਮੰਗ ਕੀਤੀ ਗਈ ਹੈ। ਮਹਾਪੰਚਾਇਤ ’ਚ ਮ੍ਰਿਤਕਾਂ ਨੂੰ 1-1 ਕਰੋੜ ਰੁਪਏ ਦੇ ਨਾਲ ਸਰਕਾਰੀ ਨੌਕਰੀ ਦੇਣ ਸਮਤੇ 15 ਮੰਗਾਂ ਸਾਹਮਣੇ ਰੱਖੀਆਂ ਗਈਆਂ ਹਨ।