NSA ਅਜੀਤ ਡੋਭਾਲ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

06/01/2023 5:02:42 AM

ਨਵੀਂ ਦਿੱਲੀ (ਵਾਰਤਾ): ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਬੁੱਧਵਾਰ ਸ਼ਾਮ ਇੱਥੇ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ 'ਪ੍ਰਚੰਡ' ਨਾਲ ਮੁਲਾਕਾਤ ਕੀਤੀ। ਦਹਿਲ ਦੇ ਨਿਜੀ ਸਕੱਤਰੇਤ ਮੁਤਾਬਕ, ਡੋਭਾਲ ਨੇ ਪ੍ਰਚੰਡ ਨਾਲ ਮੋਰਿਆ ਹੋਟਲ ਵਿਚ ਮੁਲਾਕਾਤ ਕੀਤੀ। ਨੇਪਾਲੀ ਅਖ਼ਬਾਰਾਂ ਨੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਨਾਲ ਵਿਦੇਸ਼ ਸਕੱਤਰ ਵਿਨੇ ਮੋਹਨ ਕਵਾਤਰਾ ਵੀ ਸਨ। ਜ਼ਿਕਰਯੋਗ ਹੈ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਆਪਣੀ ਧੀ ਗੰਗਾ ਦਹਿਲ ਨਾਲ 4 ਦਿਨਾ ਭਾਰਤ ਦੌਰੇ 'ਤੇ ਹਨ। ਇਸ ਤੋਂ ਪਹਿਲਾਂ ਉਹ ਬੁੱਧਵਾਰ ਦੁਪਹਿਰ ਨੂੰ ਇੱਥੇ ਨਵੀਂ ਦਿੱਲੀ ਪਹੁੰਚੇ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਇਹ ਖ਼ਬਰ ਵੀ ਪੜ੍ਹੋ - ਬ੍ਰਿਜਭੂਸ਼ਣ ਦੀ ਸ਼ਿਕਾਇਤ ਕਰਨ ਵਾਲੀ ਨਾਬਾਲਗਾ ਦੇ ਚਾਚੇ 'ਤੇ ਭੜਕੀ DCW ਮੁਖੀ, ਜਾਣੋ ਕੀ ਹੈ ਪੂਰਾ ਮਾਮਲਾ

ਆਪਣੇ ਦੌਰੇ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਦੋਹਾਂ ਦੇਸ਼ਾਂ ਦੇ ਸਦੀਆਂ ਪੁਰਾਣੇ ਸੁਹਿਰਦ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਲਈ ਗੱਲਬਾਤ ਕਰਨਗੇ। ਪੀਐੱਮ ਪ੍ਰਚੰਡ ਦੇ ਨਾਲ ਇਕ ਉੱਚ ਪੱਧਰੀ ਵਫ਼ਦ ਵੀ ਨਵੀਂ ਦਿੱਲੀ ਪਹੁੰਚਿਆ ਹੈ, ਜਿਸ ਵਿੱਚ 100 ਤੋਂ ਵੱਧ ਮੈਂਬਰ ਹਨ। ਪ੍ਰਚੰਡ ਯਾਤਰਾ ਦੇ ਦੂਜੇ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਸ ਦੁਵੱਲੀ ਬੈਠਕ 'ਚ ਦੋਹਾਂ ਨੇਤਾਵਾਂ ਵਿਚਾਲੇ ਸਰਹੱਦੀ ਵਿਵਾਦ 'ਤੇ ਵੀ ਚਰਚਾ ਹੋ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ - ਅੰਤਰਰਾਸ਼ਟਰੀ ਫੁੱਟਬਾਲ ਮੁਕਾਬਲੇ ਮਗਰੋਂ ਹੋਇਆ ਵਿਵਾਦ ਬਣਿਆ ਜਾਨਲੇਵਾ, ਖਿਡਾਰੀ ਨੇ ਤੋੜਿਆ ਦਮ

ਨੇਪਾਲ ਦੇ ਪੀਐੱਮ ਦੇ ਸਨਮਾਨ ਵਿੱਚ ਹੈਦਰਾਬਾਦ ਹਾਊਸ 'ਚ ਇਕ ਵਿਸ਼ੇਸ਼ ਦੁਪਹਿਰ ਦੇ ਖਾਣੇ ਦਾ ਆਯੋਜਨ ਵੀ ਕੀਤਾ ਜਾਵੇਗਾ। ਇਸ ਤੋਂ ਬਾਅਦ ਪ੍ਰਚੰਡ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕਰਨਗੇ। ਉਸੇ ਦਿਨ ਸ਼ਾਮ ਨੂੰ ਪ੍ਰਚੰਡ ਭਾਰਤ ਦੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਨਗੇ, ਜਿੱਥੇ ਉਹ ਨੇਪਾਲ-ਭਾਰਤ ਵਪਾਰ ਸੰਮੇਲਨ ਨੂੰ ਸੰਬੋਧਨ ਕਰਨਗੇ। ਫਿਰ ਉਹ ਸ਼ਾਮ ਨੂੰ ਇੰਦੌਰ ਲਈ ਰਵਾਨਾ ਹੋਣਗੇ ਤੇ ਉੱਥੇ ਸ਼ੁੱਕਰਵਾਰ ਦਾ ਦਿਨ ਬਿਤਾਉਣ ਤੋਂ ਬਾਅਦ ਸ਼ਨੀਵਾਰ ਦੀ ਸ਼ਾਮ ਨੂੰ ਕਾਠਮਾਂਡੂ ਲਈ ਰਵਾਨਾ ਹੋਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News