ਹੁਣ 12 ਸੂਬਿਆਂ ’ਚ ਭਾਜਪਾ ਦੀ ਸਰਕਾਰ, ਕਾਂਗਰਸ 3 ਸੂਬਿਆਂ ਤਕ ਸਿਮਟੀ
Monday, Dec 04, 2023 - 11:14 AM (IST)
ਨਵੀਂ ਦਿੱਲੀ (ਭਾਸ਼ਾ)- 4 ਵਿੱਚੋਂ 3 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਪੱਸ਼ਟ ਜਿੱਤ ਪਿੱਛੋਂ ਭਾਜਪਾ ਹੁਣ 12 ਸੂਬਿਆਂ ਵਿੱਚ ਆਪਣੇ ਦਮ ’ਤੇ ਸੱਤਾ ਵਿੱਚ ਹੈ ਜਦੋਂਕਿ ਦੂਜੀ ਸਭ ਤੋਂ ਵੱਡੀ ਰਾਸ਼ਟਰੀ ਪਾਰਟੀ ਕਾਂਗਰਸ ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਹਾਰ ਕੇ ਤਿੰਨ ਸੂਬਿਆਂ ਤਕ ਹੀ ਸਿਮਟ ਕੇ ਰਹਿ ਗਈ ਹੈ। ਦਿੱਲੀ ਅਤੇ ਪੰਜਾਬ ਵਿੱਚ ਆਪਣੀ ਸਰਕਾਰ ਦੇ ਨਾਲ ਆਮ ਆਦਮੀ ਪਾਰਟੀ (ਆਪ) ਰਾਸ਼ਟਰੀ ਪਾਰਟੀਆਂ ਵਿੱਚੋਂ ਤੀਜੇ ਨੰਬਰ ’ਤੇ ਹੈ। ਕੇਂਦਰ ਵਿੱਚ ਸੱਤਾਧਾਰੀ ਭਾਜਪਾ ਹੁਣ ਉੱਤਰਾਖੰਡ, ਰਾਜਸਥਾਨ, ਛੱਤੀਸਗੜ੍ਹ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ, ਗੋਆ, ਆਸਾਮ, ਤ੍ਰਿਪੁਰਾ, ਮਣੀਪੁਰ, ਅਰੁਣਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਸੱਤਾ ’ਚ ਹੈ। ਇਸ ਤੋਂ ਇਲਾਵਾ ਭਾਜਪਾ ਚਾਰ ਸੂਬਿਆਂ ਮਹਾਰਾਸ਼ਟਰ, ਮੇਘਾਲਿਆ, ਨਾਗਾਲੈਂਡ ਅਤੇ ਸਿੱਕਮ ਵਿੱਚ ਵੀ ਸੱਤਾਧਾਰੀ ਗਠਜੋੜ ਦਾ ਹਿੱਸਾ ਹੈ। ਕਾਂਗਰਸ ਤਿੰਨ ਸੂਬਿਆਂ ਕਰਨਾਟਕ, ਹਿਮਾਚਲ ਪ੍ਰਦੇਸ਼ ਅਤੇ ਤੇਲੰਗਾਨਾ ਵਿਚ ਆਪਣੇ ਦਮ ’ਤੇ ਸੱਤਾ ’ਚ ਹੈ। ਕਾਂਗਰਸ ਬਿਹਾਰ ਅਤੇ ਝਾਰਖੰਡ ਵਿੱਚ ਸੱਤਾਧਾਰੀ ਗੱਠਜੋੜ ਦਾ ਹਿੱਸਾ ਹੈ । ਉਹ ਤਾਮਿਲਨਾਡੂ ’ਚ ਸੱਤਾਧਾਰੀ ਡੀ.ਐੱਮ.ਕੇ. ਦੀ ਸਹਿਯੋਗੀ ਹੈ। ਕਾਂਗਰਸ ਦੀ ਹਾਰ ਨਾਲ ‘ਆਪ’ ਮਜ਼ਬੂਤ ਹੋਈ ਹੈ। ਨਤੀਜਿਆਂ ਨੇ ਮੁੱਖ ਵਿਰੋਧੀ ਪਾਰਟੀ ਵਜੋਂ ਉਸ ਦੀ ਸਥਿਤੀ ਮਜ਼ਬੂਤ ਕੀਤੀ ਹੈ। ਕਾਂਗਰਸ ਦੀ ਭਾਈਵਾਲੀ ਘਟਣ ਨਾਲ ਇਹ ਦੋ ਸੂਬਿਆਂ ਵਿੱਚ ਸਰਕਾਰਾਂ ਨਾਲ ਦੂਜੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਬਣ ਗਈ ਹੈ।
ਇਹ ਵੀ ਪੜ੍ਹੋ : PM ਮੋਦੀ ਦੀ ਵਿਰੋਧੀ ਧਿਰ ਨੂੰ ਤਾਕੀਦ, ਲੋਕਤੰਤਰ ਦੇ ਮੰਦਰ 'ਚ ਨਾ ਕੱਢਿਓ ਚੋਣ ਹਾਰ ਦਾ ਗੁੱਸਾ
‘ਲਾਡਲੀ ਬਹਿਨਾ’ ਬਣੀ ਗੇਮ ਚੇਂਜਰ
‘ਲਾਡਲੀ ਬਹਿਨਾ’ ਯੋਜਨਾ ਇਸ ਸਾਲ 10 ਜੂਨ ਨੂੰ ਲਾਗੂ ਕੀਤੀ ਗਈ ਸੀ। 1 ਕਰੋੜ 31 ਲੱਖ ਤੋਂ ਵੱਧ ਲਾਡਲੀਆਂ ਭੈਣਾਂ ਭਾਜਪਾ ਲਈ ਗੇਮ ਚੇਂਜਰ ਬਣ ਗਈਆਂ। ਇਸ ਯੋਜਨਾ ਤਹਿਤ 100 ਦਿਨਾਂ ’ਚ ਲਗਭਗ 1.25 ਕਰੋੜ ਤੋਂ ਵੱਧ ਔਰਤਾਂ ਦੇ ਖਾਤਿਆਂ ’ਚ ਪੈਸੇ ਟਰਾਂਸਫਰ ਕੀਤੇ ਗਏ। ਸੂਬੇ ਦੀਆਂ 29 ਸੀਟਾਂ ’ਤੇ ਮਰਦਾਂ ਨਾਲੋਂ ਮਹਿਲਾ ਵੋਟਰਾਂ ਦੀ ਗਿਣਤੀ ਵੱਧ ਹੈ, ਜਦਕਿ 34 ਸੀਟਾਂ ’ਤੇ ਔਰਤਾਂ ਨੇ ਮਰਦਾਂ ਨਾਲੋਂ ਵੱਧ ਵੋਟਾਂ ਪਾਈਆਂ।
ਕਮਲਨਾਥ (77) ਤੇ ਗਹਿਲੋਤ (72 )ਦਾ ਸਿਆਸੀ ਸਫਰ ਹੋ ਸਕਦਾ ਹੈ ਖਤਮ
ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਕਮਲਨਾਥ ਅਤੇ ਗਹਿਲੋਤ ਦਾ ਸਿਆਸੀ ਸਫ਼ਰ ਖ਼ਤਮ ਹੋ ਸਕਦਾ ਹੈ। ਇਸ ਦਾ ਕਾਰਨ ਸਿਰਫ ਚੋਣਾਂ ’ਚ ਹਾਰ ਨਹੀਂ ਸਗੋਂ ਉਨ੍ਹਾਂ ਦੀ ਉਮਰ ਵੀ ਹੈ। ਕਮਲਨਾਥ ਇਸ ਸਮੇਂ 77 ਸਾਲ ਦੇ ਤੇ ਗਹਿਲੋਤ 72 ਸਾਲ ਦੇ ਹਨ।
‘ਇੰਡੀਆ’ ਗਠਜੋੜ ਦੇ ਨੇਤਾ ਪਰਸੋਂ ਮਿਲਣਗੇ
ਵਿਰੋਧੀ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦੀਆਂ ਸਹਿਯੋਗੀ ਪਾਰਟੀਆਂ ਦੇ ਨੇਤਾ ਲੋਕ ਸਭਾ ਚੋਣਾਂ ਦੀ ਰਣਨੀਤੀ ਤੈਅ ਕਰਨ ਲਈ 6 ਦਸੰਬਰ ਨੂੰ ਬੈਠਕ ਕਰਨਗੇ। ਸੂਤਰਾਂ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਬੈਠਕ 6 ਦਸੰਬਰ ਦੀ ਸ਼ਾਮ ਨੂੰ ਦਿੱਲੀ ’ਚ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਨਿਵਾਸ ਵਿਖੇ ਹੋਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਬੈਠਕ ਦੌਰਾਨ ‘ਇੰਡੀਆ’ ਦੀਆਂ ਪਾਰਟੀਆਂ ਦੇ ਨੇਤਾਵਾਂ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਮੁਕਾਬਲਾ ਕਰਨ ਦੀ ਰਣਨੀਤੀ ਨੂੰ ਅੰਤਿਮ ਰੂਪ ਦੇਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8