ਹੁਣ ਬਦਾਯੂੰ ਜਾਮਾ ਮਸਜਿਦ ’ਚ ਨੀਲਕੰਠ ਮੰਦਰ ਹੋਣ ਦਾ ਦਾਅਵਾ
Wednesday, Dec 04, 2024 - 04:17 AM (IST)
ਬਦਾਯੂੰ - ਯੂ. ਪੀ. ’ਚ ਸੰਭਲ ਤੋਂ ਬਾਅਦ ਹੁਣ ਬਦਾਯੂੰ ਦੀ ਜਾਮਾ ਮਸਜਿਦ ਚਰਚਾ ’ਚ ਹੈ। ਹਿੰਦੂ ਪੱਖ ਨੇ ਦਾਅਵਾ ਕੀਤਾ ਹੈ ਕਿ ਜਾਮਾ ਮਸਜਿਦ ਅਸਲ ਵਿਚ ਨੀਲਕੰਠ ਮਹਾਦੇਵ ਦਾ ਮੰਦਰ ਹੈ। ਮੰਗਲਵਾਰ ਨੂੰ ਜਦੋਂ ਹਿੰਦੂ ਧਿਰ ਨੇ ਜ਼ਿਲਾ ਅਦਾਲਤ ’ਚ ਸਰਵੇਖਣ ਦੀ ਮੰਗ ਕੀਤੀ ਤਾਂ ਮੁਸਲਿਮ ਧਿਰ ਨੇ ਜਵਾਬ ਦਿੱਤਾ ਕਿ ਇਹ ਸਿਰਫ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ। ਅਦਾਲਤ ’ਚ ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਹੋਈ। ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਅਗਲੀ ਸੁਣਵਾਈ 10 ਦਸੰਬਰ ਨੂੰ ਹੋਵੇਗੀ। ਉਸ ਦਿਨ ਅਦਾਲਤ ਫੈਸਲਾ ਕਰੇਗੀ ਕਿ ਕੇਸ ਸੁਣਵਾਈ ਯੋਗ ਹੈ ਜਾਂ ਨਹੀਂ।
ਹਿੰਦੂ ਧਿਰ ਨੇ ਕਿਹਾ- ਸਰਵੇ ਤੋਂ ਕਿਉਂ ਡਰ ਰਹੇ ਹੋ, ਮੁਸਲਿਮ ਧਿਰ ਦਾ ਜਵਾਬ- ਮਾਮਲਾ ਸੁਣਵਾਈ ਯੋਗ ਨਹੀਂ
ਮੁਸਲਿਮ ਧਿਰ ਦੇ ਵਕੀਲ ਅਨਵਰ ਆਲਮ ਨੇ ਅਦਾਲਤ ’ਚ ਕਿਹਾ- ਇਹ ਮਾਮਲਾ ਸੁਣਵਾਈ ਯੋਗ ਨਹੀਂ ਹੈ। ਹਿੰਦੂ ਮਹਾਸਭਾ ਨੂੰ ਇਸ ਵਿਚ ਮੁਕੱਦਮਾ ਦਾਇਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਜਦੋਂ ਉਹ ਖੁਦ ਕਹਿ ਰਹੇ ਹਨ ਕਿ ਮੰਦਰ ਢਾਹ ਕੇ ਮਸਜਿਦ ਬਣਾਈ ਗਈ ਹੈ ਤਾਂ ਜ਼ਾਹਿਰ ਹੈ ਕਿ ਉਥੇ ਮੰਦਰ ਦੀ ਹੋਂਦ ਹੀ ਨਹੀਂ ਹੈ। ਇਨ੍ਹਾਂ ਨੇ ਮੁਦਈ ਨੀਲਕੰਠ ਮਹਾਦੇਵ ਨੂੰ ਬਣਾਇਆ ਹੈ ਜਦੋਂ ਕਿ ਮੁਦਈ ਪ੍ਰਤੱਖ ਵਿਅਕਤੀ ਹੁੰਦਾ ਹੈ।
ਹਿੰਦੂ ਪੱਖ ਦੀ ਕੋਈ ਬਹਿਸ ਨਹੀਂ ਹੋਈ। ਹਿੰਦੂ ਪੱਖ ਦੇ ਵਕੀਲ ਵਿਵੇਕ ਰੇਂਡਰ ਨੇ ਅਦਾਲਤ ਦੇ ਬਾਹਰ ਕਿਹਾ- ਮੁਸਲਿਮ ਧਿਰ ਆਪਣੀ ਦਲੀਲ ਦੇ ਰਿਹਾ ਹੈ, ਇਸ ਤੋਂ ਬਾਅਦ ਅਸੀਂ ਆਪਣਾ ਪੱਖ ਪੇਸ਼ ਕਰਾਂਗੇ। ਮੁਸਲਿਮ ਧਿਰ ਦੇ ਮੰਦਰ ਦੀ ਹੋਂਦ ਨੂੰ ਨਾਕਾਰਨ ’ਤੇ ਉਨ੍ਹਾਂ ਕਿਹਾ ਕਿ ਜੇਕਰ ਮੰਦਰ ਦੀ ਹੋਂਦ ਨਹੀਂ ਹੈ ਤਾਂ ਉਹ ਸਰਵੇਖਣ ਕਰਵਾਉਣ ਤੋਂ ਕਿਉਂ ਡਰ ਰਹੇ ਹਨ?