ਹਿਮਾਚਲ ਪ੍ਰਦੇਸ਼ ’ਚ ਤਾਲਾਬੰਦੀ ਲੱਗੇਗੀ ਜਾਂ ਨਹੀਂ? ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸਥਿਤੀ ਕੀਤੀ ਸਾਫ਼
Saturday, Apr 17, 2021 - 05:34 PM (IST)
ਸੋਲਨ— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਸੂਬੇ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਤੇਜ਼ੀ ਆਈ ਹੈ ਪਰ ਸਰਕਾਰ ਤਾਲਾਬੰਦੀ ਲਾਉਣ ਦੇ ਪੱਖ ’ਚ ਨਹੀਂ ਹੈ ਕਿਉਂਕਿ ਇਸ ਨਾਲ ਨਾ ਸਿਰਫ ਅਰਥਵਿਵਸਥਾ ਪ੍ਰਭਾਵਿਤ ਹੁੰਦੀ ਹੈ, ਸਗੋਂ ਜਨਤਾ ਨੂੰ ਵੀ ਆਰਥਿਕ ਸਮੇਤ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੈਰਾਮ ਨੇ ਸੋਲਨ ਜ਼ਿਲ੍ਹੇ ਦੇ ਉਦਯੋਗਿਕ ਖੇਤਰੀ ਬੱਦੀ ਵਿਚ ਕਾਰੋਬਾਰੀਆਂ, ਉਨ੍ਹਾਂ ਦੇ ਨੁਮਾਇੰਦਿਆਂ ਨਾਲ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਆਖੀ।
ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਜ਼ਿਲ੍ਹਿਆਂ ਵਿਚ ਉਨ੍ਹਾਂ ਦੇ ਦੌਰਿਆਂ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ ’ਤੇ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਕਰਨਾ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਮਹਾਮਾਰੀ ਖ਼ਿਲਾਫ਼ ਲੜਾਈ ਵਿਚ ਸੂਬਾ ਸਰਕਾਰ ਦੀ ਮਦਦ ਲਈ ਅੱਗੇ ਆਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੇ ਕੋਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਦੀ ਚੁਣੌਤੀ ਦਾ ਪੂਰੇ ਸਾਹਸ ਨਾਲ ਸਾਹਮਣਾ ਕੀਤਾ, ਜਿਸ ਦਾ ਸਿਹਰਾ ਦੇਸ਼ ਨੂੰ ਮਜ਼ਬੂਤ ਅਤੇ ਸਮਰੱਥ ਰਾਸ਼ਟਰੀ ਅਗਵਾਈ ਵਲੋਂ ਸਮੇਂ ’ਤੇ ਲਏ ਗਏ ਫ਼ੈਸਲਿਆਂ ਅਤੇ ਲੋਕਾਂ ਤੋਂ ਮਿਲੇ ਸਹਿਯੋਗ ਨੂੰ ਜਾਂਦਾ ਹੈ। ਹੁਣ ਕੋਵਿਡ-19 ਮਹਾਮਾਰੀ ਦੇ ਕੇਸਾਂ ਵਿਚ ਦੂਜੀ ਵਾਰ ਉਛਾਲ ਵੱਧ ਖ਼ਤਰਨਾਕ ਅਤੇ ਚੁਣੌਤੀਪੂਰਨ ਹੈ।
ਜੈਰਾਮ ਨੇ ਕਿਹਾ ਕਿ ਇਸ ਵਾਇਰਸ ਦੇ ਕਾਰਨ ਸੂਬੇ ਵਿਚ ਬੀਤੇ 50 ਦਿਨਾਂ ਦੌਰਾਨ ਲੱਗਭਗ 200 ਲੋਕਾਂ ਨੇ ਦਮ ਤੋੜ ਦਿੱਤਾ ਹੈ। ਸਿਰਫ਼ 20 ਦਿਨਾਂ ਵਿਚ ਹੀ ਸਰਗਰਮ ਕੇਸਾਂ ਦਾ ਅੰਕੜਾ 2000 ਨੂੰ ਪਾਰ ਕਰ ਗਿਆ ਹੈ, ਜੋ ਕਿ ਗੰਭੀਰ ਵਿਸ਼ਾ ਹੈ। ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ, ਇਸ ਲਈ ਹਰੇਕ ਨਾਗਰਿਕ ਨੂੰ ਵਧੇਰੇ ਚੌਕਸ ਅਤੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਮੁੱਖ ਮੰਤਰੀ ਮੁਤਾਬਕ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਪ੍ਰਦੇਸ਼ ਸਰਕਾਰ ਲੋਕਾਂ ਨੂੰ ਫੇਸ ਮਾਸਕ ਪਹਿਨਣ, ਹੱਥ ਧੋਣ, ਉੱਚਿਤ ਆਪਸੀ ਦੂਰੀ ਬਣਾ ਕੇ ਰੱਖਣ ਸਮੇਤ ਹੋਰ ਸੁਰੱਖਿਆ ਉਪਾਵਾਂ ਨੂੰ ਨਿਯਮਿਤ ਰੂਪ ਨਾਲ ਅਪਣਾਉਣ ਨੂੰ ਲੈ ਕੇ ਜਾਗਰੂਕ ਕਰ ਰਹੀ ਹੈ। ਸੂਬੇ ਵਿਚ ਜਦੋਂ ਵਾਇਰਸ ਦੇ ਪਹਿਲੇ ਮਾਮਲੇ ਦਾ ਪਤਾ ਲੱਗਾ ਸੀ ਤਾਂ ਇੱਥੇ ਸਿਰਫ਼ 50 ਵੈਂਟੀਲੇਟਰ ਸਨ ਪਰ ਅੱਜ 600 ਤੋਂ ਵਧੇਰੇ ਵੈਂਟੀਲੇਟਰ ਉਪਲੱਬਧ ਹਨ। ਸੂਬੇ ਕੋਲ ਉੱਚਿਤ ਗਿਣਤੀ ’ਚ ਪੀ. ਪੀ. ਈ. ਕਿੱਟਾਂ, ਫੇਸ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਉਪਲੱਬਧ ਹੈ ਅਤੇ ਭਾਵੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਬਿਹਤਰ ਤਰੀਕੇ ਨਾਲ ਤਿਆਰ ਹਨ।