ਨੋਇਡਾ ''ਚ ਪੁਲਸ ਅਤੇ ਬਦਮਾਸ਼ਾਂ ਦਰਮਿਆਨ ਮੁਕਾਬਲਾ, ਲੁੱਟ ਦਾ ਸਾਮਾਨ ਬਰਾਮਦ
Thursday, May 21, 2020 - 10:03 AM (IST)
ਨੋਇਡਾ- ਥਾਣਾ ਸੂਰਜਪੁਰ ਪੁਲਸ ਨੇ ਬੀਤੀ ਰਾਤ ਮੁਕਾਬਲੇ ਦੌਰਾਨ ਤਿੰਨ ਵਾਂਟੇਡ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਦੇ ਚਾਰ ਸਾਥੀ ਮੌਕੇ 'ਤੇ ਦੌੜ ਗਏ ਹਨ। ਇਨ੍ਹਾਂ ਬਦਮਾਸ਼ਾਂ ਕੋਲੋਂ ਪੁਲਸ ਨੇ ਲੁੱਟਿਆ ਹੋਇਆ ਕੂਲਰ ਨਾਲ ਭਰਿਆ ਕੈਂਟਰ ਅਤੇ ਤਿੰਨ ਤਮੰਚੇ ਤੇ ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਡਿਪਟੀ ਕਮਿਸ਼ਨਰ ਅੰਕੁਰ ਅਗਰਵਾਲ ਨੇ ਦੱਸਿਆ ਕਿ ਥਾਣਾ ਸੂਰਜਪੁਰ ਪੁਲਸ ਨੂੰ ਬੁੱਧਵਾਰ ਦੇਰ ਰਾਤ ਸੂਚਨਾ ਮਿਲੀ ਕਿ ਕੁਝ ਬਦਮਾਸ਼ ਲੁੱਟ ਕਰਨ ਦੇ ਇਰਾਦੇ ਨਾਲ ਸੈਕਟਰ 143 ਕੋਲ ਆਏ ਹੋਏ ਹਨ।
ਉਨ੍ਹਾਂ ਨੇ ਦੱਸਿਆ ਕਿ ਥਾਣਾ ਪੁਲਸ ਅਤੇ ਸਪੈਸ਼ਲ ਆਪਰੇਸ਼ਨ ਗਰੁੱਪ ਦੀ ਟੀਮ ਨੂੰ ਬਦਮਾਸ਼ਾਂ ਨੂੰ ਫੜਨ ਲਈ ਲਗਾਇਆ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਸੈਕਟਰ 143 ਕੋਲ ਪੁਲਸ ਨੇ ਬਦਮਾਸ਼ਾਂ ਨੂੰ ਘੇਰ ਲਿਆ। ਇਕ ਕੈਂਟਰ ਅਤੇ ਇਨੋਵਾ ਕਾਰ 'ਚ ਸਵਾਰ ਬਦਮਾਸ਼ਾਂ ਨੇ ਪੁਲਸ ਪਾਰਟੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਦੱਸਿਆ ਕਿ ਜਵਾਬੀ ਕਾਰਵਾਈ 'ਚ ਪੁਲਸ ਨੇ ਵੀ ਗੋਲੀਆਂ ਚਲਾਈਆਂ। ਪੁਲਸ ਦੀ ਗੋਲੀ ਬਦਮਾਸ਼ ਸਦਾਮ, ਸੱਤਾਰ ਅਤੇ ਪੰਕਜ ਨੂੰ ਲੱਗੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਚਾਰ ਸਾਥੀ ਕਾਰ 'ਚ ਸਵਾਰ ਹੋ ਕੇ ਮੌਕੇ 'ਤੇ ਦੌੜ ਗਏ। ਉਨ੍ਹਾਂ ਨੇ ਦੱਸਿਆ ਕਿ ਕੈਂਟਰ 15 ਮਈ ਨੂੰ ਸੂਰਜਪੁਰ ਥਾਣਾ ਖੇਤਰ ਤੋਂ ਲੁੱਟਿਆ ਗਿਆ ਸੀ। ਫੜੇ ਗਏ ਬਦਮਾਸ਼ਾਂ ਨੇ ਲੁੱਟਖੋਹ ਦੀਆਂ ਕਈ ਵਾਰਦਾਤਾਂ ਕਰਨੀਆਂ ਸਵੀਕਾਰ ਕੀਤੀਆਂ ਹਨ। ਮੁਕਾਬਲੇ 'ਚ ਜ਼ਖਮੀ ਬਦਮਾਸ਼ਾਂ ਨੂੰ ਇਲਾਜ ਲਈ ਨੋਇਡਾ ਦੇ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।