ਰਾਬਰਟ ਵਾਡਰਾ-DLF ਜ਼ਮੀਨੀ ਸੌਦੇ ’ਚ ਨਹੀਂ ਹੋਈ ਕੋਈ ਉਲੰਘਣਾ : ਹਰਿਆਣਾ ਸਰਕਾਰ

Friday, Apr 21, 2023 - 05:48 PM (IST)

ਹਰਿਆਣਾ (ਭਾਸ਼ਾ)- ਹਰਿਆਣਾ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਹੈ ਕਿ ਕਾਰੋਬਾਰੀ ਰਾਬਰਟ ਵਾਡਰਾ ਦੀ ਫਰਮ ‘ਸਕਾਈਲਾਈਟ ਹਾਸਪਿਟੈਲਿਟੀ’ ਵੱਲੋਂ ਰਿਐਲਟੀ ਫਰਮ ਡੀ.ਐੱਲ.ਐੱਫ. ਨੂੰ ਜ਼ਮੀਨ ਤਬਦੀਲ ਕਰਨ ਸਬੰਧੀ ਕਿਸੇ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਗਈ। ਇਹ ਜਾਂਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਕਾਂਗਰਸ ਨੇਤਾ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਅਤੇ ਕੁਝ ਹੋਰਾਂ ਵਿਰੁੱਧ ਸਤੰਬਰ 2018 ਵਿਚ ਗੁਰੂਗ੍ਰਾਮ ਵਿਚ ਦਰਜ ਐੱਫ.ਆਈ.ਆਰ. ਨਾਲ ਸਬੰਧਤ ਹੈ। ਅਦਾਲਤ ਵਿਚ ਦਾਇਰ ਇਕ ਹਲਫ਼ਨਾਮੇ ਵਿਚ ਸਰਕਾਰ ਨੇ ਕਿਹਾ ਕਿ ਗੁਰੂਗ੍ਰਾਮ 'ਚ ਮਾਨੇਸਰ ਦੇ ਤਹਿਸੀਲਦਾਰ ਨੇ ਦੱਸਿਆ ਕਿ ਮੈਸਰਜ਼ ਸਕਾਈਲਾਈਟ ਹਾਸਪਿਟੈਲਿਟੀ ਨੇ 18 ਸਤੰਬਰ, 2012 ਨੂੰ ਮੈਸਰਜ਼ ਡੀ.ਐੱਲ.ਐੱਫ. ਯੂਨੀਵਰਸਲ ਲਿਮਟਿਡ ਨੂੰ 3.5 ਏਕੜ ਜ਼ਮੀਨ ਵੇਚ ਦਿੱਤੀ ਸੀ ਅਤੇ ਇਸ ਇਸ ਦੇ ਲੈਣ-ਦੇਣ ਦੇ ਨਿਯਮਾਂ ਵਿਚ ਕੋਈ ਉਲੰਘਣਾ ਨਹੀਂ ਹੋਈ।

ਹਲਫਨਾਮੇ ਵਿਚ ਕਿਹਾ ਗਿਆ ਹੈ ਕਿ ਹੋਰ ਜਾਂਚ ਲਈ 22 ਮਾਰਚ, 2023 ਨੂੰ ਇਕ ਨਵੀਂ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਸੀ। ਇਸ 'ਚ ਡੀ.ਸੀ.ਪੀ, 2 ਏ. ਸੀ. ਪੀ, ਇੱਕ ਇੰਸਪੈਕਟਰ ਅਤੇ ਇਕ ਏ.ਐੱਸ.ਆਈ. ਸ਼ਾਮਲ ਸੀ। ਨੂਹ ਵਾਸੀ ਸੁਰਿੰਦਰ ਸ਼ਰਮਾ ਦੀ ਸ਼ਿਕਾਇਤ ਤੇ ਦਰਜ ਕੀਤੀ ਗਈ ਇਸ ਐੱਫ.ਆਈ.ਆਰ. ਵਿਚ ਜ਼ਮੀਨ ਦੇ ਸੌਦਿਆਂ ਵਿਚ ਬੇਨਿਯਮੀਆਂ ਦਾ ਦੋਸ਼ ਲਾਇਆ ਗਿਆ ਸੀ। ਕਾਂਗਰਸ, ਹੁੱਡਾ ਅਤੇ ਵਾਡਰਾ ਨੇ ਹਮੇਸ਼ਾ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ। ਸਤੰਬਰ 2018 ਦੀ ਐੱਫ.ਆਈ.ਆਰ. ਵਿਚ ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਗੁਰੂਗ੍ਰਾਮ ਦੇ ਵਜ਼ੀਰਾਬਾਦ 'ਚ 350 ਏਕੜ ਜ਼ਮੀਨ ਨਿਯਮਾਂ ਦੀ ਉਲੰਘਣਾ ਕਰ ਕੇ ਡੀ.ਐੱਲ.ਐੱਫ. ਨੂੰ ਅਲਾਟ ਕੀਤੀ ਗਈ ਸੀ। ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਅਸ਼ੋਕ ਖੇਮਕਾ ਨੇ ਗੁਰੂਗ੍ਰਾਮ ਜ਼ਿਲੇ ਦੇ ਮਾਨੇਸਰ-ਸ਼ਿਕੋਹਪੁਰ ਵਿਖੇ ਸਕਾਈਲਾਈਟ ਹਾਸਪਿਟੈਲਿਟੀ ਅਤੇ ਡੀ.ਐੱਲ.ਐੱਫ. ਵਿਚਾਲੇ 3.5 ਏਕੜ ਜ਼ਮੀਨ ਦੇ ਸੌਦੇ ਨੂੰ ਰੱਦ ਕਰ ਦਿੱਤਾ ਸੀ।


DIsha

Content Editor

Related News