ਓਡੀਸ਼ਾ ਰੇਲ ਹਾਦਸਾ: ਮੌਤਾਂ ਦੀ ਗਿਣਤੀ ਨੂੰ ਲੈ ਕੇ ਭੰਬਲਭੂਸੇ 'ਚ ਸਰਕਾਰ, ਹੁਣ ਤੱਕ 108 ਦੀ ਹੋ ਸਕੀ ਪਛਾਣ
Monday, Jun 05, 2023 - 12:24 PM (IST)
ਬਾਲਾਸੋਰ- ਓਡੀਸ਼ਾ ਰੇਲ ਹਾਦਸੇ 'ਚ ਮ੍ਰਿਤਕਾਂ ਦੇ ਅੰਕੜਿਆਂ ਬਾਰੇ ਕੁਝ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਦਰਅਸਲ ਸ਼ਨੀਵਾਰ ਨੂੰ ਜਿੱਥੇ ਮ੍ਰਿਤਕਾਂ ਦਾ ਅੰਕੜਾ 288 ਦੱਸਿਆ ਗਿਆ ਸੀ, ਹੁਣ ਇਹ ਘੱਟ ਹੋ ਕੇ 275 ਹੋ ਗਿਆ ਹੈ। ਅਜਿਹੇ 'ਚ ਓਡੀਸ਼ਾ ਸਰਕਾਰ 'ਤੇ ਮ੍ਰਿਤਕਾਂ ਦੇ ਅੰਕੜੇ ਲੁਕਾਉਣ ਦਾ ਦੋਸ਼ ਲੱਗਾ ਹੈ। ਇਸ 'ਤੇ ਸੂਬਾ ਸਰਕਾਰ ਨੇ ਸਫਾਈ ਦਿੱਤੀ ਹੈ। ਓਡੀਸ਼ਾ ਦੇ ਮੁੱਖ ਸਕੱਤਰ ਪੀ. ਕੇ. ਜੇਨਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਬਾਲਾਸੋਰ ਰੇਲ ਹਾਦਸੇ 'ਚ ਮੌਤਾਂ ਦੇ ਅੰਕੜਿਆਂ ਨੂੰ ਲੁਕਾਉਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਪੂਰੀ ਬਚਾਅ ਮੁਹਿੰਮ ਸਾਰਿਆਂ ਦੀਆਂ ਨਜ਼ਰਾਂ ਦੇ ਸਾਹਮਣੇ ਚੱਲ ਰਹੀ ਹੈ। ਜੇਨਾ ਨੇ ਕਿਹਾ ਕਿ ਹਾਸਦੇ ਵਾਲੀ ਥਾਂ 'ਤੇ ਸ਼ੁਰੂਆਤ ਤੋਂ ਹੀ ਮੀਡੀਆ ਕਰਮੀ ਮੌਜੂਦ ਹਨ। ਸਭ ਕੁਝ ਕੈਮਰਿਆਂ ਦੇ ਸਾਹਮਣੇ ਹੋ ਰਿਹਾ ਹੈ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਆਪਣਿਆਂ ਨੂੰ ਲੱਭਦੀਆਂ ਰੋਂਦੀਆਂ ਅੱਖਾਂ, ਮ੍ਰਿਤਕਾਂ ਦੀ ਗਿਣਤੀ ਹੋਈ 288
ਰੇਲਵੇ ਨੇ ਮ੍ਰਿਤਕਾਂ ਦੀ ਗਿਣਤੀ 288 ਦੱਸੀ, ਕੁਝ ਲਾਸ਼ਾਂ ਦੀ ਹੋਈ ਦੋ ਵਾਰ ਗਿਣਤੀ
ਜੇਨਾ ਨੇ ਅੱਗੇ ਕਿਹਾ ਕਿ ਰੇਲਵੇ ਨੇ ਮ੍ਰਿਤਕਾਂ ਦੀ ਗਿਣਤੀ 288 ਦੱਸੀ ਹੈ। ਅਸੀਂ ਵੀ ਇਹ ਹੀ ਕਿਹਾ ਹੈ ਅਤੇ ਇਹ ਗਿਣਤੀ ਰੇਲਵੇ ਤੋਂ ਮਿਲੀ ਸੂਚਨਾ 'ਤੇ ਆਧਾਰਿਤ ਹੈ ਪਰ ਸਾਡੇ ਬਾਲਾਸੋਰ ਦੇ ਜ਼ਿਲ੍ਹਾ ਅਧਿਕਾਰੀ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਅਤੇ ਐਤਵਾਰ ਸਵੇਰੇ 10 ਵਜੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ 275 ਹੈ। ਮੁੱਖ ਸਕੱਤਰ ਜੇਨਾ ਨੇ ਦੱਸਿਆ ਕਿ ਕੁਝ ਲਾਸ਼ਾਂ ਦੀ ਦੋ ਵਾਰ ਗਿਣਤੀ ਕਰਨ ਦੀ ਵਜ੍ਹਾ ਨਾਲ ਇਹ ਭੂੰਬਲਭੂਸੇ ਵਾਲੀ ਸਥਿਤੀ ਬਣੀ। ਹਾਦਸੇ ਵਾਲੀ ਥਾਂ 'ਤੇ ਮੀਡੀਆ ਕਰਮੀਆਂ ਦੇ ਜਾਣ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਸੀ ਅਤੇ ਜਨਤਾ ਦੇ ਸਾਹਮਣੇ ਸਾਰੀ ਕਾਰਵਾਈ ਹੋਈ। ਉਨ੍ਹਾਂ ਕਿਹਾ ਕਿ ਬਚਾਅ ਅਤੇ ਮੁਰੰਮਤ ਦਾ ਕੰਮ ਵੀ ਸਾਰਿਆਂ ਦੇ ਸਾਹਮਣੇ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਹੁਣ ਤੱਕ ਵਾਪਰੇ 7 ਵੱਡੇ ਰੇਲ ਹਾਦਸੇ, ਜਿਨ੍ਹਾਂ ’ਚ ਹਜ਼ਾਰਾਂ ਲੋਕ ਗੁਆ ਚੁੱਕੇ ਹਨ ਆਪਣੀ ਜਾਨ
275 ਲਾਸ਼ਾਂ 'ਚੋਂ ਸਿਰਫ 108 ਦੀ ਪਛਾਣ ਹੋ ਸਕੀ
ਮੁੱਖ ਸਕੱਤਰ ਜੇਨਾ ਨੇ ਦੱਸਿਆ ਕਿ 275 ਲਾਸ਼ਾਂ 'ਚੋਂ ਸਿਰਫ 108 ਦੀ ਪਛਾਣ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਾਰੀਆਂ ਲਾਸ਼ਾਂ ਦੀ ਸ਼ਨਾਖਤ ਕਰਨਾ ਚਾਹੁੰਦੀ ਹੈ ਤਾਂ ਜੋ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਰ ਸਕਣ। ਜੇਨਾ ਨੇ ਕਿਹਾ ਕਿ ਜਲਦੀ ਗਰਮੀ ਕਾਰਨ ਲਾਸ਼ਾਂ ਤੇਜ਼ੀ ਨਾਲ ਸੜ ਰਹੀਆਂ ਹਨ। ਇਸ ਲਈ ਕਾਨੂੰਨ ਮੁਤਾਬਕ ਸੂਬਾ ਅੰਤਿਮ ਸੰਸਕਾਰ ਲਈ ਵੱਧ ਤੋਂ ਵੱਧ ਦੋ ਦਿਨ ਹੋਰ ਉਡੀਕ ਕਰ ਸਕਦਾ ਹੈ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਜ਼ਖ਼ਮੀਆਂ ਲਈ ਫ਼ਰਿਸ਼ਤਾ ਬਣਿਆ ਸ਼ਖ਼ਸ, ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਬਚਾਈ 300 ਲੋਕਾਂ ਦੀ ਜਾਨ
ਮਮਤਾ ਬੈਨਰਜੀ ਨੇ ਲਾਇਆ ਸੀ ਇਹ ਦੋਸ਼
ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੌਤਾਂ ਦੇ ਅੰਕੜਿਆਂ 'ਤੇ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੇ ਸੂਬੇ ਦੇ 61 ਲੋਕਾਂ ਦੀ ਮੌਤ ਹੋਈ ਹੈ ਅਤੇ 182 ਅਜੇ ਵੀ ਲਾਪਤਾ ਹਨ। ਉਨ੍ਹਾਂ ਨੇ ਐਤਵਾਰ ਨੂੰ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਪੁੱਛਿਆ ਸੀ ਕਿ ਜੇਕਰ ਇਕ ਸੂਬੇ ਦੇ 182 ਲੋਕ ਲਾਪਤਾ ਹਨ ਅਤੇ 61 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ, ਤਾਂ ਅੰਕੜੇ ਕਿਵੇਂ ਸਹੀ ਹਨ?
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: 200 ਲਾਸ਼ਾਂ ਦੀ ਨਹੀਂ ਹੋ ਸਕੀ ਪਛਾਣ, ਤਸਵੀਰਾਂ 'ਚ ਆਪਣਿਆਂ ਨੂੰ ਲੱਭਦੇ ਪਰਿਵਾਰ