24 ਘੰਟੇ ''ਚ 10 ਸੂਬਿਆਂ ''ਚ ਕੋਵਿਡ-19 ਦਾ ਕੋਈ ਮਾਮਲਾ ਨਹੀਂ : ਹਰਸ਼ ਵਰਧਨ
Sunday, May 10, 2020 - 11:03 PM (IST)

ਨਵੀਂ ਦਿੱਲੀ (ਭਾਸ਼ਾ)- ਕੋਰੋਨਾ ਵਾਇਰਸ ਨਾਲ ਨਜਿੱਠਣ ਦੀ ਰਾਹ ਵਿਚ ਕਾਮਯਾਬੀ ਵੱਲ ਵੱਧਣ ਦਾ ਹਵਾਲਾ ਦਿੰਦੇ ਹੋਏ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਹਰਸ਼ ਵਰਧਨ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ 24 ਘੰਟੇ ਵਿਚ 10 ਸੂਬੇ ਅਤੇ ਕੇਂਦਰ ਸ਼ਾਸਤ ਸੂਬਿਆਂ ਵਿਚ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਸਿਹਤਮੰਦ ਹੋਣ ਦੀ ਦਰ 30 ਫੀਸਦੀ ਤੋਂ ਜ਼ਿਆਦਾ ਵੱਧ ਗਈ ਹੈ। ਕੋਵਿਡ-19 ਦੇ ਤਕਰੀਬਨ 60,000 ਮਰੀਜ਼ਾਂ ਵਿਚੋਂ ਲਗਭਗ 20 ਹਜ਼ਾਰ ਠੀਕ ਹੋ ਕੇ ਘਰ ਜਾ ਚੁੱਕੇ ਹਨ।
ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟੇ 'ਚ ਕੋਵਿਡ-19 ਦੇ 1,511 ਮਰੀਜ਼ ਸਿਹਤਮੰਦ ਹੋਏ ਹਨ। ਇਹ ਇਕ ਦਿਨ ਵਿਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ।
ਹਰਸ਼ਵਰਧਨ ਰਾਸ਼ਟਰੀ ਰਾਜਧਾਨੀ ਦੇ ਮੰਡੋਲੀ ਖੇਤਰ ਵਿਚ ਕੋਵਿਡ-19 ਦੇ ਜਾਂਚ ਕੇਂਦਰ ਦਾ ਨਿਰੀਖਣ ਕਰਨ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਅਸੀਂ ਕੋਰੋਨਾ ਵਾਇਰਸ ਨਾਲ ਜੰਗ ਵਿਚ ਕਾਮਯਾਬੀ ਦੀ ਰਾਹ 'ਤੇ ਤੇਜ਼ੀ ਨਾਲ ਅੱਗੇ ਵੱਧ ਰਹੇ ਹਾਂ। ਪਿਛਲੇ ਤਿੰਨ ਦਿਨ ਤੋਂ ਮਾਮਲੇ ਦੁੱਗਣੇ ਹੋਣ ਦੀ ਦਰ 12 ਦਿਨ ਹੋ ਚੁੱਕੀ ਹੈ। ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ 30 ਫੀਸਦੀ ਤੋਂ ਜ਼ਿਆਦਾ ਹੈ।