ਦਿੱਲੀ ਪੁਲਸ ਨੇ ਕੋਰਟ ''ਚ ਕਿਹਾ-''ਪਹਿਲਵਾਨਾਂ ਖ਼ਿਲਾਫ਼ ਨਹੀਂ ਬਣਦਾ ਨਫ਼ਰਤੀ ਭਾਸ਼ਣ ਦਾ ਕੋਈ ਮਾਮਲਾ''
Friday, Jun 09, 2023 - 02:44 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਮੌਜੂਦਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਝੂਠੇ ਦੋਸ਼ ਲਗਾਉਣ ਅਤੇ ਨਫ਼ਰਤੀ ਭਾਸ਼ਣ ਦੇਣ ਲਈ ਪਹਿਲਵਾਨਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੀ ਅਪਲਾਈ ਵਾਲੀ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਇੱਥੇ ਇਕ ਅਦਾਲਤ 'ਚ ਕਾਰਵਾਈ ਰਿਪੋਰਟ ਦਾਖ਼ਲ ਕੀਤੀ। ਪੁਲਸ ਨੇ ਅਦਾਲਤ ਤੋਂ ਪਟੀਸ਼ਨ ਨੂੰ ਖਾਰਜ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਸ਼ਿਕਾਇਤਕਰਤਾ ਵਲੋਂ ਉਪਲੱਬਧ ਕਰਵਾਏ ਗਏ ਵੀਡੀਓ 'ਚ ਪਹਿਲਵਾਨ ਨਾਅਰੇ ਲਗਾਉਂਦੇ ਨਜ਼ਰ ਨਹੀਂ ਆ ਰਹੇ ਹਨ ਅਤੇ ਉਨ੍ਹਾਂ ਖ਼ਿਲਾਫ਼ ਨਫ਼ਰਤੀ ਭਾਸ਼ਣ ਦਾ ਕੋਈ ਮਾਮਲਾ ਨਹੀਂ ਬਣਦਾ ਹੈ।
ਅਦਾਲਤ ਨੇ ਪਟੀਸ਼ਨ 'ਤੇ ਅਗਲੀ ਸੁਣਵਾਈ ਲਈ 7 ਜੁਲਾਈ ਦੀ ਤਾਰੀਖ਼ ਤੈਅ ਕੀਤੀ। 25 ਮਈ ਨੂੰ ਅਦਾਲਤ ਨੇ ਇਸ ਸ਼ਿਕਾਇਤ 'ਤੇ ਦਿੱਲੀ ਪੁਲਸ ਤੋਂ ਕਾਰਵਾਈ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਸੀ। ਅਦਾਲਤ 'ਅਟਲ ਜਨ ਪਾਰਟੀ' ਦਾ ਰਾਸ਼ਟਰੀ ਮੁਖੀ ਹੋਣ ਦਾ ਦਾਅਵਾ ਕਰਨ ਵਾਲੇ ਬਮ ਬਮ ਮਹਾਰਾਜ ਨੌਹਟੀਆ ਵਲੋਂ ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਖ਼ਿਲਾਫ਼ ਦਾਇਰ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ।