ਕਿਸਾਨ ਅੰਦੋਲਨ ਹੋਇਆ ਰਾਜਨੀਤਿਕ, ਵਿਰੋਧੀ ਦਲ ਕਿਸਾਨਾਂ ਨੂੰ ਕਰ ਰਹੇ ਨੇ ਗੁੰਮਰਾਹ: ਗਡਕਰੀ
Tuesday, Dec 15, 2020 - 02:48 PM (IST)
ਨਵੀਂ ਦਿੱਲੀ- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਕਿਸਾਨ ਅੰਦੋਲਨ ਹੁਣ ਰਾਜਨੀਤਕ ਹੋ ਗਿਆ ਹੈ। ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਪੱਖ 'ਚ ਹਨ ਪਰ ਵਿਰੋਧੀ ਦਲ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ। ਕਿਸਾਨਾਂ ਨਾਲ ਗੱਲਬਾਤ ਦੇ ਸਵਾਲ 'ਤੇ ਗਡਕਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਹੈ। ਕੇਂਦਰੀ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੱਟੜ ਤੱਤਾਂ ਤੋਂ ਖ਼ੁਦ ਨੂੰ ਬਚਾਏ ਰੱਖਣ। ਗਡਕਰੀ ਨੇ ਕਿਹਾ ਕਿ ਨਵੇਂ ਨਿਯਮਾਂ ਦੇ ਅਧੀਨ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੈ। ਇਹ ਪੁੱਛੇ ਜਾਣ 'ਤੇ ਕਿ ਆਖ਼ਰ ਐੱਮ.ਐੱਸ.ਪੀ. 'ਤੇ ਸਰਕਾਰ ਕਾਨੂੰਨ ਕਿਉਂ ਨਹੀਂ ਲਿਆ ਸਕਦੀ ਹੈ, ਇਸ 'ਤੇ ਗਡਕਰੀ ਨੇ ਕਿਹਾ ਕਿ ਜਿੱਥੇ ਤੱਕ ਐੱਮ.ਐੱਸ.ਪੀ. ਦਾ ਸਵਾਲ ਹੈ ਕੈਬਨਿਟ ਹਰ ਸਾਲ ਉਸ ਦੀ ਕੀਮਤ ਤੈਅ ਕਰਦੀ ਹੈ। ਸੂਬਾ ਸਰਕਾਰ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਕਿਸਾਨਾਂ ਦੇ ਉਤਪਾਦਾਂ ਨੂੰ ਖਰੀਦਣ ਲਈ ਮਜ਼ਬੂਰ ਹੈ। ਅਜਿਹੇ 'ਚ ਕਾਨੂੰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ 6 ਸਾਲਾਂ 'ਚ 6 ਵਾਰ ਕੀਮਤ ਵਧਾਈ। ਰਾਜਨੀਤੀ ਹੁੰਦੀ ਹੈ ਪਰ ਕਿਸਾਨਾਂ ਦੇ ਹਿੱਤ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ 'ਤੇ ਘਮਾਸਾਣ ਦਰਮਿਆਨ ਭਲਕੇ ਹੋਵੇਗੀ ਮੋਦੀ ਕੈਬਨਿਟ ਦੀ ਬੈਠਕ
ਸਾਡੀ ਸਰਕਾਰ ਕਿਸਾਨਾਂ ਲਈ ਸਮਰਪਿਤ ਹੈ - ਗਡਕਰੀ
ਉਨ੍ਹਾਂ ਨੇ ਕਿਹਾ ਕਿ ਲੋਕ ਜਦੋਂ ਕਿਸੇ ਚੀਜ਼ 'ਤੇ ਸਹਿਮਤ ਨਹੀਂ ਹੁੰਦੇ ਤਾਂ ਉਲਝਣਾ ਵਧਾਉਂਦੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਨੂੰ ਸਮਝਣਾ ਚਾਹੀਦਾ। ਸਾਡੀ ਸਰਕਾਰ ਕਿਸਾਨਾਂ ਲਈ ਸਮਰਪਿਤ ਹੈ ਅਤੇ ਉਨ੍ਹਾਂ ਵਲੋਂ ਦਿੱਤੇ ਗਏ ਸੁਝਾਵਾਂ ਨੂੰ ਸਵੀਕਾਰ ਕਰਨ ਲਈ ਤਿਆਰ ਹੈ। ਸਾਡੀ ਸਰਕਾਰ 'ਚ ਕਿਸਾਨਾਂ ਨਾਲ ਕੋਈ ਅਨਿਆਂ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੁਝ ਅਜਿਹੇ ਤੱਤ ਹਨ, ਜੋ ਇਸ ਵਿਰੋਧ ਦੀ ਗਲਤ ਵਰਤੋਂ ਕਰ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਗਲਤ ਹੈ। ਕਿਸਾਨਾਂ ਨੂੰ ਤਿੰਨ ਕਾਨੂੰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਭਾਜਪਾ ਨੇਤਾ ਨੇ ਕਿਹਾ ਕਿ ਜੇਕਰ ਕੋਈ ਗੱਲਬਾਤ ਨਹੀਂ ਹੋਵੇਗੀ ਤਾਂ ਇਹ ਗਲਤਫ਼ਹਿਮੀ ਪੈਦਾ ਕਰ ਸਕਦਾ ਹੈ। ਜੇਕਰ ਗੱਲਬਾਤ ਹੁੰਦੀ ਹੈ ਤਾਂ ਮੁੱਦੇ ਹੱਲ ਹੋ ਜਾਣਗੇ। ਪੂਰੀ ਗੱਲ ਖ਼ਤਮ ਹੋ ਜਾਵੇਗੀ। ਕਿਸਾਨਾਂ ਨੂੰ ਨਿਆਂ ਮਿਲੇਗਾ। ਉਨ੍ਹਾਂ ਨੂੰ ਰਾਹਤ ਮਿਲੇਗੀ। ਅਸੀਂ ਕਿਸਾਨਾਂ ਦੇ ਹਿੱਤ 'ਚ ਕੰਮ ਕਰ ਰਹੇ ਹਾਂ। ਸਾਡੀ ਸਰਕਾਰ ਕਿਸਾਨਾਂ ਨੂੰ ਸਮਝਾਏਗੀ ਅਤੇ ਗੱਲ਼ਬਾਤ ਰਾਹੀਂ ਰਸਤਾ ਕੱਢੇਗੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਾ 20ਵਾਂ ਦਿਨ,ਕਿਸਾਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ 'ਚ ਜੁਟੀ ਸਰਕਾਰ
ਨੋਟ: ਗਡਕਰੀ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ,ਕੁਮੈਂਟ ਕਰਕੇ ਜ਼ਰੂਰ ਦੱਸੋ?