ਗਡਕਰੀ ਬੋਲੇ- ਕਿਸਾਨਾਂ ਦੇ ਫ਼ਾਇਦੇ ਲਈ ਅਤੇ ਬਹੁਤ ਸੋਚ-ਸਮਝ ਕੇ ਬਣਾਏ ਖੇਤੀ ਕਾਨੂੰਨ

Wednesday, Dec 16, 2020 - 03:43 PM (IST)

ਗਡਕਰੀ ਬੋਲੇ- ਕਿਸਾਨਾਂ ਦੇ ਫ਼ਾਇਦੇ ਲਈ ਅਤੇ ਬਹੁਤ ਸੋਚ-ਸਮਝ ਕੇ ਬਣਾਏ ਖੇਤੀ ਕਾਨੂੰਨ

ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਕਿ ਕਿਸਾਨਾਂ ਨੂੰ ਗੁੰਮਰਾਹ ਤੇ ਉਲਝਣ 'ਚ ਪਾਉਣ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਨੂੰ ਸਰਕਾਰ ਨਾਲ ਗੱਲਬਾਤ ਕਰ ਕੇ ਗਤੀਰੋਧ ਖ਼ਤਮ ਕਰਨ ਦੀ ਅਪੀਲ ਵੀ ਕੀਤੀ। ਗਡਕਰੀ ਨੇ ਖੇਤੀ ਕਾਨੂੰਨਾਂ ਨੂੰ ਕਾਰਪੋਰੇਟ ਅਤੇ ਉਦਯੋਗਪਤੀਆਂ ਨੂੰ ਫਾਇਦਾ ਪਹੁੰਚਾਉਣ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਹ ਸਿਰਫ਼ ਕਿਸਾਨਾਂ ਦੇ ਫਾਇਦੇ ਲਈ ਹਨ ਅਤੇ ਬਹੁਤ ਸੋਚ-ਸਮਝ ਕੇ ਬਣਾਏ ਗਏ ਹਨ।

ਗਡਕਰੀ ਨੇ ਕਿਹਾ ਕਿ ਇਸ ਮੁੱਦੇ 'ਤੇ ਵਿਦੇਸ਼ਾਂ ਤੋਂ ਆ ਰਹੇ ਬਿਆਨ ਅਣਉੱਚਿਤ ਅਤੇ ਗੈਰ-ਵਾਜਬ ਹਨ, ਕਿਉਂਕਿ ਭਾਰਤ ਨੇ ਕਦੇ ਕਿਸੇ ਹੋਰ ਦੇਸ਼ ਦੇ ਅੰਦਰੂਨੀ ਮਾਮਲਿਆਂ 'ਚ ਦਖ਼ਲ ਨਹੀਂ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੁਝ ਤਾਕਤਾਂ ਵਲੋਂ ਕਿਸਾਨਾਂ ਨੂੰ ਗੁੰਮਰਾਹ ਕਰਨ ਅਤੇ ਪ੍ਰਦਰਸ਼ਨ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੀ ਰਾਜਨੀਤੀ ਦੇਸ਼ ਹਿੱਤ ਵਿਚ ਨਹੀਂ ਹੈ। ਸਰਕਾਰ ਗੱਲਬਾਤ ਲਈ ਤਿਆਰ ਹੈ, ਅਸੀਂ ਉਨ੍ਹਾਂ ਦੀਆਂ ਅਸਲ ਮੰਗਾਂ ਨੂੰ ਮਨਜ਼ੂਰ ਕਰਨ ਨੂੰ ਤਿਆਰ ਹਾਂ। ਉਨ੍ਹਾਂ ਨੂੰ ਅੱਗੇ ਆ ਕੇ ਗੱਲਬਾਤ ਕਰਨੀ ਚਾਹੀਦੀ ਹੈ।

ਗਡਕਰੀ ਨੇ ਸਮੱਸਿਆ ਦੇ ਹੱਲ ਲਈ ਗੱਲਬਾਤ ਨੂੰ ਇਕ ਜ਼ਰੀਆ ਦੱਸਦੇ ਹੋਏ ਕਿਹਾ ਕਿ ਜਦੋਂ ਸਰਕਾਰ ਗੱਲਬਾਤ ਨੂੰ ਤਿਆਰ ਹੈ, ਤਾਂ ਕਿਸਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਜਿੱਥੇ ਗੱਲਬਾਤ ਨਹੀਂ ਹੁੰਦੀ, ਉੱਥੇ ਸਮੱਸਿਆਵਾਂ ਅਤੇ ਗਲਤਫ਼ਹਿਮੀਆਂ ਪੈਦਾ ਹੁੰਦੀਆਂ ਹਨ। ਗਡਕਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਨਕਸਲੀਆਂ ਦਾ ਸਮਰਥਨ ਕਰਨ ਵਾਲੇ ਲੋਕਾਂ ਦੀਆਂ ਤਸਵੀਰਾਂ, ਜਿਨ੍ਹਾਂ ਦਾ ਕਿਸਾਨਾਂ ਨਾਲ ਕੋਈ ਨਾਅਤਾ ਨਹੀਂ ਹੈ, ਉਹ ਕਿਸਾਨ ਪ੍ਰਦਰਸ਼ਨ ਦੌਰਾਨ ਕਿਉਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਅਜਿਹੇ ਤੱਤਾਂ ਦੀ ਕੋਸ਼ਿਸ਼ ਅਸਫ਼ਲ ਕਰਨੀ ਚਾਹੀਦੀ ਹੈ ਅਤੇ ਸਰਕਾਰ ਨਾਲ ਤਿੰਨੋਂ ਖੇਤੀ ਕਾਨੂੰਨਾਂ 'ਤੇ ਗੱਲਬਾਤ ਕਰਨੀ ਚਾਹੀਦੀ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨ ਅਤੇ ਸਰਕਾਰ 'ਚ ਜਾਰੀ ਗਤੀਰੋਧ ਦਰਮਿਆਨ ਖੇਤੀਬਾੜੀ ਮੰਤਰੀ ਨੇ ਕਿਹਾ ਸੀ ਕਿ ਸਰਕਾਰ ਅਸਲ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਜਾਰੀ ਰੱਖਣ ਅਤੇ ਖੁੱਲ੍ਹੇ ਦਿਮਾਗ ਨਾਲ ਮੁੱਦੇ ਦਾ ਹੱਲ ਲੱਭਣ ਨੂੰ ਤਿਆਰ ਹਨ।

ਨੋਟ-  ਨਿਤਿਨ ਗਡਕਰੀ ਦੇ ਇਸ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ਵਿਚ ਦਿਓ ਜਵਾਬ


author

Tanu

Content Editor

Related News