ਨਿਸ਼ਾ ਕਤਲ ਕਾਂਡ : ਦੋਸ਼ੀ ਕੋਚ ਪਵਨ ਸਾਥੀ ਸਣੇ ਗ੍ਰਿਫ਼ਤਾਰ, ਲਾਈਸੈਂਸੀ ਪਿਸਟਲ ਵੀ ਬਰਾਮਦ
Friday, Nov 12, 2021 - 03:12 PM (IST)
ਨਵੀਂ ਦਿੱਲੀ/ਸੋਨੀਪਤ- ਹਰਿਆਣਾ ਦੇ ਸੋਨੀਪਤ 'ਚ ਰੈਸਲਰ ਨਿਸ਼ਾ ਤੇ ਉਸ ਦੇ ਭਰਾ ਦੇ ਕਤਲ ਦੇ ਦੋਸ਼ੀ ਕੋਚ ਪਵਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਵਨ ਨੂੰ ਦਿੱਲੀ ਦੇ ਦਵਾਰਕਾ ਇਲਾਕੇ ਤੋਂ ਹਿਰਾਸਤ 'ਚ ਲਿਆ ਗਿਆ। ਪਵਨ ਕੋਲੋਂ ਪੁਲਸ ਨੇ ਲਾਈਸੈਂਸੀ ਪਿਸਟਲ ਵੀ ਬਰਾਮਦ ਕੀਤੀ ਹੈ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਪਵਨ ਦੇ ਨਾਲ ਦੂਜੇ ਦੋਸ਼ੀ ਸਚਿਨ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪਵਨ ਕਤਲ ਨੂੰ ਅੰਜਾਮ ਦੇਣ ਦੇ ਬਾਅਦ ਸਚਿਨ ਦੀ ਬਾਈਕ ਤੋਂ ਫਰਾਰ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਕੱਲ ਪੁਲਸ ਨੇ ਦੋਸ਼ੀ ਪਵਨ ਦੀ ਪਤਨੀ ਤੇ ਉਸ ਦੇ ਸਾਲੇ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ : ਪਹਿਲਵਾਨ ਨਿਸ਼ਾ ਕਤਲਕਾਂਡ: ਕੋਚ ਦੀ ਪਤਨੀ ਅਤੇ ਸਾਲਾ ਗ੍ਰਿਫ਼ਤਾਰ, ਮੁੱਖ ਦੋਸ਼ੀਆਂ ’ਤੇ 1 ਲੱਖ ਦਾ ਇਨਾਮ
ਜ਼ਿਕਰਯੋਗ ਹੈ ਕਿ ਕਤਲ ਦੀ ਵਜ੍ਹਾ ਮਹਿਲਾ ਪਹਿਲਵਾਨ ਦੇ ਨਾਲ ਛੇੜਛਾੜ ਦਾ ਵਿਰੋਧ ਕਰਨਾ ਦੱਸਿਆ ਗਿਆ ਹੈ। ਪਵਨ ਪਿਛਲੇ ਚਾਰ ਸਾਲਾਂ ਤੋਂ ਕੁਸ਼ਤੀ ਸਿਖਾ ਰਿਹਾ ਸੀ। ਨਿਸ਼ਾ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ ਕੋਚ ਨਿਸ਼ਾ 'ਤੇ ਬੁਰੀ ਨਜ਼ਰ ਰਖਦਾ ਸੀ। ਜਦੋਂ ਨਿਸ਼ਾ ਨੇ ਇਸ ਦਾ ਵਿਰੋਧ ਕੀਤਾ ਤਾਂ ਪਹਿਲਵਾਨ ਨੇ ਉਸ ਦਾ ਤੇ ਉਸ ਦੇ ਭਰਾ ਦਾ ਕਤਲ ਕਰ ਦਿੱਤਾ।
ਇਹ ਹੈ ਪੂਰਾ ਮਾਮਲਾ
ਪਿੰਡ ਹਲਾਲਪੁਰ ਦੀ ਰਹਿਣ ਵਾਲੀ ਨਿਸ਼ਾ ਸੁਸ਼ੀਲ ਕੁਮਾਰ ਕੁਸ਼ਤੀ ਅਕੈਡਮੀ 'ਚ ਕੁਸ਼ਤੀ ਦੀ ਪ੍ਰੈਕਟਿਸ ਕਰਦੀ ਸੀ। ਉਹ ਦੁਪਹਿਰ ਦੇ ਬਾਅਦ ਆਪਣੇ ਭਰਾ ਤੇ ਮਾਂ ਨਾਲ ਆਈ, ਪਰ ਅਕੈਡਮੀ 'ਚ ਪਹਿਲਾਂ ਤੋਂ ਹੀ ਮੌਜੂਦ ਸੰਚਾਲਕ ਪਵਨ ਤੇ ਉਸ ਦੇ ਕੁਝ ਸਾਥੀਆਂ ਨੇ ਤਿੰਨਾਂ 'ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾ ਦਿੱਤੀਆਂ, ਜਿਸ 'ਚ 6 ਤੋਂ ਜ਼ਿਆਦਾ ਗੋਲੀਆਂ ਨਿਸ਼ਾ ਨੂੰ ਲੱਗੀਆਂ, ਜਦਕਿ ਦੋ ਤੋਂ ਤਿੰਨ ਗੋਲੀਆਂ ਉਸ ਦੇ ਭਰਾ ਨੂੰ ਤੇ ਇਕ ਗੋਲੀ ਮਾਂ ਧਨਪਤੀ ਦੇ ਮੋਢੇ 'ਤੇ ਲੱਗੀ। ਨਿਸ਼ਾ ਤੇ ਉਸ ਦੇ ਭਰਾ ਸੂਰਜ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਮਾਂ ਧਨਪਤੀ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਈ। ਉਨ੍ਹਾਂ ਦਾ ਇਲਾਜ ਰੋਹਤਕ ਪੀ. ਜੀ. ਆਈ. 'ਚ ਚਲ ਰਿਹਾ ਹੈ। ਪਵਨ ਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਸੀ. ਆਈ. ਏ. ਖਰਖੌਦਾ ਤੇ ਗੋਹਾਨਾ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।