ਇਹ ਹੈ ਨੀਰਵ ਮੋਦੀ ਦੀ ਦੇਸ਼-ਵਿਦੇਸ਼ 'ਚ ਬਣਾਈ ਗਈ ਪ੍ਰਾਪਰਟੀ, ਜਿਸ 'ਤੇ ਈ.ਡੀ. ਦੀ ਹੋਈ ਕਾਰਵਾਈ

Monday, Oct 01, 2018 - 05:47 PM (IST)

ਇਹ ਹੈ ਨੀਰਵ ਮੋਦੀ ਦੀ ਦੇਸ਼-ਵਿਦੇਸ਼ 'ਚ ਬਣਾਈ ਗਈ ਪ੍ਰਾਪਰਟੀ, ਜਿਸ 'ਤੇ ਈ.ਡੀ. ਦੀ ਹੋਈ ਕਾਰਵਾਈ

ਨਵੀਂ ਦਿੱਲੀ (ਏਜੰਸੀ)- ਨੀਰਵ ਮੋਦੀ ਦੀ ਦੇਸ਼-ਵਿਦੇਸ਼ ਵਿਚ ਸਥਿਤ ਤਕਰੀਬਨ 657 ਕਰੋੜ ਰੁਪਏ ਦੀ ਪ੍ਰਾਪਰਟੀ ਈ.ਡੀ. ਨੇ ਜ਼ਬਤ ਅਤੇ ਕੁਰਕ ਕਰ ਲਈ ਹੈ। ਪੀ.ਐਨ.ਬੀ. ਦੇ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਫਰਾਰ ਹੋਏ ਹੀਰਾ ਕਾਰੋਬਾਰੀ ਨੀਰਵ ਮੋਦੀ ਦੀਆਂ ਇਨ੍ਹਾਂ ਪ੍ਰਾਪਰਟੀਆਂ ਵਿਚ ਜਿਊਲਰੀ, ਮਕਾਨ, ਬੈਂਕ ਅਕਾਉਂਟ ਸਮੇਤ ਹੋਰ ਜਾਇਦਾਦਾਂ ਸ਼ਾਮਲ ਹਨ। ਪਿਛਲੇ ਕਈ ਮਹੀਨਿਆਂ ਤੋਂ ਈ.ਡੀ. ਵਿਦੇਸ਼ ਵਿਚ ਨੀਰਵ ਮੋਦੀ ਦੀ ਪ੍ਰਾਪਰਟੀ ਦੀ ਪਛਾਣ ਅਤੇ ਉਸ ਨੂੰ ਹਾਸਲ ਕਰਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਸੀ ਅਤੇ ਕਈ ਦੇਸ਼ਾਂ ਦੇ ਸਹਿਯੋਗ ਨਾਲ ਉਸ ਨੂੰ ਇਸ ਵਿਚ ਸਫਲਤਾ ਮਿਲ ਰਹੀ ਹੈ।

ਹਾਂਗਕਾਂਗ ਤੋਂ ਨੀਰਵ ਮੋਦੀ ਦੀ 22.69 ਕਰੋੜ ਰੁਪਏ ਮੁੱਲ ਦੀ ਹੀਰੇ ਜੜੀ ਜਿਊਲਰੀ ਜ਼ਬਤ ਕੀਤੀ ਗਈ, ਜਿਸ ਨੂੰ 23 ਸ਼ਿਪਮੈਂਟ ਵਿਚ ਭਾਰਤ ਲਿਆਂਦਾ ਗਿਆ ਹੈ। ਜਾਂਚ ਦੌਰਾਨ ਇਹ ਪਤਾ ਲੱਗਾ ਕਿ ਨੀਰਵ ਨੇ ਜਿਊਲਰੀ ਦੀ ਇਕ ਵੱਡੀ ਖੇਪ ਸੀ.ਬੀ.ਆਈ. ਵਲੋਂ ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਵਿਦੇਸ਼ ਭੇਜੀ ਸੀ। ਇਸ ਨੂੰ ਹਾਂਗਕਾਂਗ ਦੀ ਇਕ ਨਿੱਜੀ ਕੰਪਨੀ ਦੇ ਵਾਲਟ ਵਿਚ ਰੱਖਿਆ ਗਿਆ ਹੈ। ਈ.ਡੀ. ਨੇ ਦੱਖਣੀ ਮੁੰਬਈ ਵਿਚ ਸਥਿਤ ਨੀਰਵ ਮੋਦੀ ਦਾ ਇਕ ਫਲੈਟ ਵੀ ਕੁਰਕ ਕੀਤਾ ਹੈ, ਜਿਸ ਦੀ ਕੀਮਤ 19.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਫਲੈਟ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ ਦੇ ਨਾਂ 'ਤੇ ਸੀ, ਜੋ ਉਨ੍ਹਾਂ ਦੀ ਪ੍ਰਾਪਰਟੀ ਦਾ ਹਿਸਾਬ-ਕਿਤਾਬ ਰੱਖਦੀ ਹੈ। ਈ.ਡੀ. ਨੇ ਬ੍ਰਿਟਿਸ਼ ਵਰਜਨ ਆਈਲੈਂਡ ਵਿਚ ਰਜਿਸਟਰਡ ਇਕ ਨਿਵੇਸ਼ ਕੰਪਨੀ ਦਾ ਸਿੰਗਾਪੁਰ ਦਾ ਬੈਂਕ ਖਾਤਾ ਵੀ ਕੁਰਕ ਕੀਤਾ ਹੈ। ਇਸ ਕੰਪਨੀ ਦੇ ਮਾਲਕ ਪੂਰਵੀ ਮੋਦੀ ਅਤੇ ਮਯੰਕ ਮਹਿਤਾ ਸਨ। ਇਸ ਅਕਾਉਂਟ ਵਿਚ 61.2 ਲੱਖ ਡਾਲਰ (ਤਕਰੀਬਨ 44 ਕਰੋੜ ਰੁਪਏ) ਸੀ।

ਈ.ਡੀ. ਨੇ ਨੀਰਵ ਮੋਦੀ, ਪੂਰਵੀ ਮੋਦੀ ਅਤੇ ਉਨ੍ਹਾਂ ਦੀ ਮਾਲਕੀ ਵਾਲੀਆਂ ਕੰਪਨੀਆਂ ਦੇ ਵਿਦੇਸ਼ੀ ਬੈਂਕਾਂ ਦੇ ਪੰਜ ਖਾਤਿਆਂ ਵਿਚ ਜਮ੍ਹਾਂ ਕੁਲ 278 ਕਰੋੜ ਰੁਪਏ ਜ਼ਬਤ ਕੀਤੇ ਹਨ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਇਨ੍ਹਾਂ ਵਿਚ ਜ਼ਿਆਦਾਤਰ ਰਕਮ ਪੀ.ਐਨ.ਬੀ. ਘੁਟਾਲਿਆਂ ਦੀ ਜਾਂਚ ਸ਼ੁਰੂ ਹੋਣ ਤੋਂ ਬਾਅਦ ਹੀ ਵਿਦੇਸ਼ ਭੇਜੀ ਗਈ। ਇਸੇ ਤਰ੍ਹਾਂ ਈ.ਡੀ. ਨੇ ਲੰਡਨ ਵਿਚ ਤਕਰੀਬਨ 57 ਕਰੋੜ ਰੁਪਏ ਕੀਮਤ ਦੀ ਅਚਲ ਜਾਇਦਾਦ ਜ਼ਬਤ ਕੀਤੀ ਹੈ। ਇਹ ਲੰਡਨ ਦੇ ਮੈਰੀਲੇਬੋਨ ਰੋਡ 'ਤੇ ਸਥਿਤ ਮੈਰਾਥਨ ਹਾਊਸ ਵਿਚ ਸਥਿਤ ਇਕ ਫਲੈਟ ਹੈ। ਇਸੇ ਸਾਲ 2017 ਵਿਚ ਬਲਵੇਡੇਅਰ ਹੋਲਡਿੰਗਸ ਗਰੁੱਪ ਲਿਮਟਿਡ ਵਲੋਂ ਖਰੀਦਿਆ ਗਿਆ ਸੀ।ਇਹ ਕੰਪਨੀ ਤ੍ਰਿਡੇਂਟ ਟਰੱਸਟ, ਸਿੰਗਾਪੁਰ ਵਲੋਂ ਸੰਚਾਲਿਤ ਕੀਤੀ ਜਾਂਦੀ ਹੈ, ਜਿਸ ਦੀ ਸੁਰੱਖਿਆ ਅਤੇ ਲਾਭ ਲੈਣ ਵਾਲੇ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਇਸ ਪ੍ਰਾਪਰਟੀ ਲਈ ਪੈਸਾ ਪੀ.ਐਨ.ਬੀ. ਘੁਟਾਲੇ ਤੋਂ ਹਾਸਲ ਰਕਮ ਤੋਂ ਹੀ ਦਿੱਤਾ ਗਿਆ ਹੈ।

ਈ.ਡੀ. ਨੇ ਅਮਰੀਕੀ ਸ਼ਹਿਰ ਨਿਊਯਾਰਕ ਵਿਚ ਵੀ ਨੀਰਵ ਮੋਦੀ ਦੀਆਂ ਦੋ ਅਚੱਲ ਜਾਇਦਾਦਾਂ ਨੂੰ ਜ਼ਬਤ ਕੀਤਾ ਹੈ। ਇਹ ਪ੍ਰਾਪਰਟੀ ਦੇ ਸੈਂਟਰਲ ਪਾਰਕ ਵਿਚ ਹੈ ਅਤੇ ਇਸ ਦੀ ਕੀਮਤ ਤਕਰੀਬਨ 216 ਕਰੋੜ ਰੁਪਏ ਹੈ। ਇਹ ਪ੍ਰਾਪਰਟੀ ਇਥਾਕਾ ਟਰੱਸਟ ਦੇ ਨਾਂ 'ਤੇ ਹੈ। ਇਸ ਵਿਚ ਇਕ ਪ੍ਰਾਪਰਟੀ ਸੈਂਟਰਲ ਪਾਰਕ ਰੀਅਲ ਐਸਟੇਟ ਐਲ.ਐਲ.ਸੀ. ਦੇ ਨਾਂ 'ਤੇ ਖਰੀਦੀ ਗਈ ਹੈ। 2018 ਵਿਚ ਇਨ੍ਹਾਂ ਨੂੰ ਇਥਾਕਾ ਟਰੱਸਟ ਨੂੰ ਟਰਾਂਸਫਰ ਕਰ ਦਿੱਤਾ ਗਿਆ। ਇਥਾਕਾ ਟਰੱਸਟ ਤੋਂ ਲਾਭ ਲੈਣ ਵਾਲੀ ਨੀਰਵ ਮੋਦੀ ਦੀ ਪਤਨੀ ਅਮੀ ਮੋਦੀ ਅਤੇ ਉਨ੍ਹਾਂ ਦੇ ਬੱਚੇ ਹਨ। ਦੂਜੀ ਪ੍ਰਾਪਰਟੀ ਵੀ ਸਾਲ 2017 ਵਿਚ ਇਥਾਕਾ ਟਰੱਸਟ ਦੇ ਨਾਂ ਤੋਂ ਖਰੀਦੀ ਗਈ ਸੀ। ਇਸ ਪ੍ਰਾਪਰਟੀ ਨੂੰ ਵੀ ਪੀ.ਐਨ.ਬੀ. ਘੁਟਾਲੇ ਤੋਂ ਹਾਸਲ ਰਕਮ ਰਾਹੀਂ ਹੀ ਖਰੀਦਿਆ ਗਿਆ।


Related News