ਸੀਤਾਰਮਨ 49 ਸਾਲ ਬਾਅਦ ਬਣੀ ਬਜਟ ਪੇਸ਼ ਕਰਨ ਵਾਲੀ ਦੂਜੀ ਮਹਿਲਾ

Friday, Jul 05, 2019 - 12:03 PM (IST)

ਸੀਤਾਰਮਨ 49 ਸਾਲ ਬਾਅਦ ਬਣੀ ਬਜਟ ਪੇਸ਼ ਕਰਨ ਵਾਲੀ ਦੂਜੀ ਮਹਿਲਾ

ਨਵੀਂ ਦਿੱਲੀ— ਨਿਰਮਲਾ ਸੀਤਾਰਮਨ ਨੂੰ 49 ਸਾਲ ਬਾਅਦ ਬਜਟ ਪੇਸ਼ ਕਰਨ ਵਾਲੀ ਦੇਸ਼ ਦੀ ਦੂਜੀ ਮਹਿਲਾ ਵਿੱਤ ਮੰਤਰੀ ਦਾ ਮਾਣ ਹਾਸਲ ਹੋਇਆ ਹੈ। ਸੀਤਾਰਮਨ ਨੇ ਸ਼ੁੱਕਰਵਾਰ ਨੂੰ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕੀਤਾ। ਪਿਛਲੀ ਸਰਕਾਰ 'ਚ ਅਰੁਣ ਜੇਤਲੀ ਕੋਲ ਵਿੱਤ ਮੰਤਰਾਲੇ ਸੀ ਪਰ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਅਤੇ ਮੰਤਰੀ ਮੰਡਲ 'ਚ ਸ਼ਾਮਲ ਹੋਣ ਤੋਂ ਇਨਕਾਰ ਕਰਨ 'ਤੇ ਇਸ ਵਾਰ ਸੀਤਾਮਰਨ ਨੂੰ ਵਿੱਤ ਵਰਗੇ ਪ੍ਰਮੁੱਖ ਮੰਤਰਾਲੇ ਦਾ ਅਹੁਦਾ ਸੌਂਪਿਆ ਗਿਆ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਜਟ ਪੇਸ਼ ਕਰਨ ਵਾਲੀ ਪਹਿਲੀ ਮਹਿਲਾ ਸੀ ਪਰ ਉਸ ਸਮੇਂ ਉਨ੍ਹਾਂ ਕੋਲ ਪ੍ਰਧਾਨ ਮੰਤਰੀ ਅਹੁਦੇ ਨਾਲ ਵਿੱਤ ਮੰਤਰਾਲੇ ਦਾ ਐਡੀਸ਼ਨਲ ਅਹੁਦਾ ਸੀ। ਇੰਦਰਾ ਗਾਂਧੀ ਨੇ 28 ਫਰਵਰੀ 1970 ਨੂੰ ਵਿੱਤ ਮੰਤਰੀ ਦੇ ਰੂਪ 'ਚ ਪਹਿਲਾ ਬਜਟ ਪੇਸ਼ ਕੀਤਾ ਸੀ। ਸਾਲ 2000 ਤੋਂ ਪਹਿਲਾਂ ਆਮ ਬਜਟ ਸੰਸਦ 'ਚ ਫਰਵਰੀ ਮਹੀਨੇ ਦੇ ਅੰਤਿਮ ਕਾਰੋਬਾਰੀ ਦਿਵਸ ਨੂੰ ਸ਼ਾਮ 5 ਵਜੇ ਪੇਸ਼ ਕੀਤਾ ਜਾਂਦਾ ਸੀ।

2001 'ਚ ਬਦਲਿਆ ਗਿਆ ਸੀ ਬਜਟ ਦਾ ਸਮਾਂ
ਸਾਲ 2001 'ਚ ਅਟਲ ਬਿਹਾਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਕਾਰਜਕਾਲ 'ਚ ਬਜਟ ਦਾ ਸਮਾਂ ਬਦਲਿਆ ਗਿਆ ਅਤੇ ਇਸ ਨੂੰ ਪਹਿਲੀ ਵਾਰ ਦਿਨ 'ਚ 11 ਵਜੇ ਪੇਸ਼ ਕੀਤਾ ਗਿਆ। ਇਹ ਬਜਟ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਪੇਸ਼ ਕੀਤਾ ਸੀ। ਆਜ਼ਾਦ ਭਾਰਤ ਦੇ ਪਹਿਲੇ ਵਿੱਤ ਮੰਤਰੀ ਆਰ.ਕੇ. ਸ਼ਨਮੁਖਮ ਚੈੱਟੀ 1947-1949 ਰਹੇ। ਸਾਬਕਾ ਪ੍ਰਧਾਨ ਮੰਤਰੀ ਮਰਹੂਮ ਮੋਰਾਰਜੀ ਦੇਸਾਈ ਦੇਸ਼ ਦੇ ਸਭ ਤੋਂ ਵਧ ਸਮੇਂ ਤੱਕ ਵਿੱਤ ਮੰਤਰੀ ਰਹੇ। ਉਹ ਸਭ ਤੋਂ ਪਹਿਲਾਂ 1959 ਤੋਂ 1964, ਫਿਰ 1967 ਤੋਂ 1970 ਤੱਕ ਵਿੱਤ ਮੰਤਰੀ ਦੇ ਅਹੁਦੇ 'ਤੇ ਰਹੇ। ਇਸ ਤੋਂ ਬਾਅਦ 1977 ਤੋਂ 1979 ਦੌਰਾਨ ਵੀ ਉਹ ਇਸ ਅਹੁਦੇ 'ਤੇ ਰਹੇ। ਸਭ ਤੋਂ ਵਧ ਬਜਟ ਪੇਸ਼ ਕਰਨ ਦਾ ਸਿਹਰਾ ਵੀ ਸਵ. ਮੋਰਾਰਜੀ ਦੇਸਾਈ ਨੂੰ ਹੀ ਹੈ। ਉਨ੍ਹਾਂ ਨੇ ਕੁਲ 10 ਬਜਟ ਪੇਸ਼ ਕੀਤੇ, ਜਿਸ 'ਚ 8 ਪੂਰਨ ਅਤੇ 2 ਅੰਤਰਿਮ ਬਜਟ ਸਨ।


author

DIsha

Content Editor

Related News