ਬਜਟ ''ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਲੋਂ ਪ੍ਰਦਰਸ਼ਨ, ਸੰਸਦ ''ਚ ਵਿੱਤ ਮੰਤਰੀ ਨੇ ਦਿੱਤਾ ਠੋਕਵਾਂ ਜਵਾਬ

Wednesday, Jul 24, 2024 - 01:21 PM (IST)

ਨਵੀਂ ਦਿੱਲੀ- ਸੰਸਦ ਦੇ ਮਾਨਸੂਨ ਸੈਸ਼ਨ ਦੇ ਤੀਜੇ ਦਿਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਮਗਰੋਂ 'ਇੰਡੀਆ' ਗਠਜੋੜ ਦੇ ਸੰਸਦ ਮੈਂਬਰਾਂ ਨੇ ਬਜਟ ਨੂੰ ਮੁੱਦਾ ਬਣਾਉਂਦੇ ਹੋਏ ਸੰਸਦ ਕੰਪਲੈਕਸ ਵਿਚ ਪ੍ਰਦਰਸ਼ਨ ਕੀਤਾ। ਦਰਅਸਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਮੰਗਲਵਾਰ ਯਾਨੀ ਕਿ ਕੱਲ ਪੇਸ਼ ਕੀਤੇ ਗਏ ਬਜਟ ਨੂੰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਭੇਦਭਾਵਪੂਰਨ ਕਰਾਰ ਦਿੱਤਾ। ਵਿਰੋਧੀ ਪਾਰਟੀਆਂ ਨੇ ਸੰਸਦ 'ਚ ਬਜਟ ਦਾ ਮੁੱਦਾ ਬਣਾਉਂਦੇ ਹੋਏ ਹੰਗਾਮਾ ਕੀਤਾ ਅਤੇ ਸੂਬਿਆਂ ਨਾਲ ਭੇਦਭਾਵ ਕਰਨ ਦਾ ਦੋਸ਼ ਲਾਇਆ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਜਟ ਨੂੰ 'ਧੋਖੇਬਾਜ਼' ਬਜਟ ਦੱਸਦੇ ਹੋਏ ਕਿਹਾ ਕਿ ਅਸੀਂ ਇਨਸਾਫ਼ ਲਈ ਲੜ ਰਹੇ ਹਾਂ। ਬਜਟ ਤੋਂ ਸਿਰਫ ਭਾਜਪਾ ਸਹਿਯੋਗੀਆਂ ਦੇ ਹਿੱਤਾਂ ਦੀ ਗੱਲ ਕੀਤੀ ਗਈ ਹੈ। ਇਹ ਬਜਟ ਸਹਿਯੋਗੀਆਂ ਨੂੰ ਸੰਤੁਸ਼ਟ ਕਰਨ ਲਈ ਹੈ, ਕਿਸੇ ਨੂੰ ਕੁਝ ਨਹੀਂ ਦਿੱਤਾ ਗਿਆ ਹੈ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇਹ ਕਹਿੰਦੇ ਹੋਏ ਵਾਕਆਊਟ ਕੀਤਾ ਕਿ ਵਿੱਤ ਮੰਤਰੀ ਸੀਤਾਰਮਨ ਦੇ ਬਜਟ 'ਚ ਗੈਰ-ਭਾਜਪਾ ਸ਼ਾਸਿਤ ਸੂਬਿਆਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ।

ਨਿਰਮਲਾ ਸੀਤਾਰਮਨ ਨੇ ਦਿੱਤਾ ਇਹ ਜਵਾਬ

ਰਾਜ ਸਭਾ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੋਲਦੇ ਹੋਏ ਕਿਹਾ ਕਿ ਮੈਂ ਮਹਾਰਾਸ਼ਟਰ ਦਾ ਜ਼ਿਕਰ ਨਹੀਂ ਕੀਤਾ ਪਰ ਅਸੀਂ ਸੂਬੇ ਵਿਚ ਇਕ ਪੋਰਟ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੀ ਕੀਮਤ 76,000 ਕਰੋੜ ਰੁਪਏ ਹੈ। ਸੀਤਾਰਮਨ ਨੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਹਰ ਬਜਟ ਵਿਚ ਤੁਹਾਨੂੰ ਦੇਸ਼ ਦੇ ਹਰ ਸੂਬੇ ਦਾ ਨਾਂ ਲੈਣ ਦਾ ਸਮਾਂ ਨਹੀਂ ਮਿਲਦਾ ਹੈ। ਇਹ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਧਿਰ ਦਾ ਜਾਣਬੁੱਝ ਕੇ ਲੋਕਾਂ ਨੂੰ ਇਹ ਜਤਾਉਣ ਦੀ ਕੋਸ਼ਿਸ਼ ਹੈ ਕਿ ਸਾਡੇ ਸੂਬਿਆਂ ਨੂੰ ਕੁਝ ਨਹੀਂ ਦਿੱਤਾ ਗਿਆ ਹੈ। ਇਹ ਇਕ ਅਪਮਾਨਜਨਕ ਦੋਸ਼ ਹੈ। ਵਿੱਤ ਮੰਤਰੀ ਨੇ ਸਵਾਲ ਕਰਦਿਆਂ ਕਿਹਾ ਕਿ ਕੀ ਕਾਂਗਰਸ ਦੇ ਵਿੱਤ ਮੰਤਰੀਆਂ ਨੇ ਆਪਣੇ ਬਜਟ ਭਾਸ਼ਣਾਂ ਦੌਰਾਨ ਸਾਰੇ ਸੂਬਿਆਂ ਦੇ ਨਾਵਾਂ ਦਾ ਜ਼ਿਕਰ ਕੀਤਾ?

ਬਜਟ 'ਤੇ ਸੰਸਦ ਮੈਂਬਰ ਅਖਿਲੇਸ਼ ਨੇ ਕਿਹਾ ਕਿ ਅਸੀਂ ਸਾਰੇ ਮੰਗ ਕਰ ਰਹੇ ਹਾਂ ਕਿ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (MSP) ਮਿਲੇ ਪਰ ਕਿਸਾਨਾਂ ਨੂੰ ਇਹ ਨਹੀਂ ਦਿੱਤਾ ਜਾ ਰਿਹਾ, ਸਗੋਂ ਆਪਣੀ ਸਰਕਾਰ ਬਚਾਉਣ ਵਾਲੇ ਗਠਜੋੜ ਸਹਿਯੋਗੀਆਂ ਨੂੰ ਦਿੱਤਾ ਜਾ ਰਿਹਾ ਹੈ। ਸਰਕਾਰ ਮਹਿੰਗਾਈ ਨੂੰ ਲੈ ਕੇ ਕੋਈ ਸਖ਼ਤ ਕਦਮ ਨਹੀਂ ਚੁੱਕ ਸਕੀ।


Tanu

Content Editor

Related News