ਅੱਤਵਾਦ ਫੰਡਿੰਗ ਮਾਮਲਾ : NIA ਨੇ ਕਸ਼ਮੀਰ ’ਚ 12 ਟਿਕਾਣਿਆਂ ’ਤੇ ਕੀਤੀ ਛਾਪੇਮਾਰੀ
Friday, May 12, 2023 - 10:02 AM (IST)

ਸ਼੍ਰੀਨਗਰ (ਏਜੰਸੀ)- ਕੇਂਦਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਵੀਰਵਾਰ ਨੂੰ ਅੱਤਵਾਦੀ ਸਾਜ਼ਿਸ਼ ਦੇ ਇਕ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਜੰਮੂ-ਕਸ਼ਮੀਰ ’ਚ 12 ਥਾਵਾਂ ’ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਬੜਗਾਮ ਅਤੇ ਬਾਰਾਮੂਲਾ ਜ਼ਿਲ੍ਹਿਆਂ ’ਚ ਪਾਬੰਦੀਸ਼ੁਦਾ ਜਮਾਤ-ਏ-ਇਸਲਾਮੀ ਨਾਲ ਸਬੰਧਤ ਲਗਭਗ 12 ਸਥਾਨਾਂ ’ਤੇ ਛਾਪੇ ਮਾਰੇ ਗਏ। ਇਸ ਸੰਗਠਨ ’ਤੇ ਫਰਵਰੀ 2019 ’ਚ ਕੇਂਦਰ ਸਰਕਾਰ ਵੱਲੋਂ ਅੱਤਵਾਦ ਵਿਰੋਧੀ ਕਾਨੂੰਨਾਂ ਤਹਿਤ 5 ਸਾਲਾਂ ਲਈ ਪਾਬੰਦੀ ਲਗਾ ਦਿੱਤੀ ਗਈ ਸੀ।
ਏਜੰਸੀ ਨੇ ਜੀ-20 ਦੀ ਬੈਠਕ ਤੋਂ ਪਹਿਲਾਂ ਅੱਤਵਾਦੀਆਂ, ਉਨ੍ਹਾਂ ਦੇ ਸਹਿਯੋਗੀਆਂ, ਓਵਰਗ੍ਰਾਊਂਡ ਵਰਕਰਾਂ ਤੇ ਫਾਈਨਾਂਸਰਾਂ ਵਿਰੁੱਧ ਆਪਣੀ ਕਾਰਵਾਈ ਹੋਰ ਤੇਜ ਕਰ ਦਿੱਤੀ ਹੈ। ਐੱਨ.ਆਈ. ਏ. ਨੇ ਬੁੱਧਵਾਰ ਨੂੰ ਅਦਾਲਤ ਦੇ ਹੁਕਮਾਂ ਤੋਂ ਬਾਅਦ ਗੈਰ-ਕਾਨੂੰਨੀ ਸਰਗਰਮੀਆਂ ਰੋਕਥਾਮ ਕਾਨੂੰਨ ਦੇ ਤਹਿਤ ਕਸ਼ਮੀਰ ’ਚ ਵੱਖ-ਵੱਖ ਸਥਾਨਾਂ ’ਤੇ ਤਿੰਨ ਦੋਸ਼ੀਆਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਸਨ।