NIA ਕੋਰਟ ਤੋਂ ਸਾਧਵੀ ਪ੍ਰਗਿਆ ਨੂੰ ਮਿਲੀ ਰਾਹਤ, ਮਿਲੀ ਪੇਸ਼ੀ ਤੋਂ ਛੋਟ

6/21/2019 4:02:24 PM

ਮੁੰਬਈ— ਮੁੰਬਈ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਵਿਸ਼ੇਸ਼ ਅਦਾਲਤ ਨੇ ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਰਾਹਤ ਦਿੰਦੇ ਹੋਏ ਕੋਰਟ 'ਚ ਪੇਸ਼ ਹੋਣ ਤੋਂ ਛੋਟ ਦੇ ਦਿੱਤੀ ਹੈ। ਉਨ੍ਹਾਂ ਨੇ ਚਾਲੂ ਲੋਕ ਸਭਾ ਸੈਸ਼ਨ ਦਾ ਹਵਾਲਾ ਦਿੰਦੇ ਹੋਏ ਕੋਰਟ 'ਚ ਪੇਸ਼ ਹੋਣ ਤੋਂ ਛੋਟ ਦੇਣ ਦੀ ਮੰਗ ਕੀਤੀ ਸੀ। ਜਿਸ ਨੂੰ ਕੋਰਟ ਨੇ ਸਵੀਕਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਐੱਨ.ਆਈ.ਏ. ਕੋਰਟ ਨੇ ਪ੍ਰਗਿਆ ਠਾਕੁਰ ਨੂੰ ਹਫਤੇ 'ਚ ਇਕ ਵਾਰ ਹਾਜ਼ਰ ਹੋਣ ਤੋਂ ਸਥਾਈ ਛੋਟ ਦੇਣ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ। ਪ੍ਰਗਿਆ ਠਾਕੁਰ ਨੇ ਇਸ ਅਪੀਲ 'ਚ ਕਿਹਾ ਸੀ ਕਿ ਉਹ ਸੰਸਦ ਮੈਂਬਰ ਹੈ ਅਤੇ ਉਨ੍ਹਾਂ ਨੇ ਦਿਨ-ਪ੍ਰਤੀ ਦਿਨ ਸੰਸਦ ਦੀ ਕਾਰਵਾਈ 'ਚ ਹਿੱਸਾ ਲੈਣਾ ਹੈ। ਹਾਲਾਂਕਿ ਮੁੰਬਈ ਦੀ ਵਿਸ਼ੇਸ਼ ਐੱਨ.ਆਈ.ਏ. ਕੋਰਟ ਨੇ ਪ੍ਰਗਿਆ ਠਾਕੁਰ ਨੂੰ ਕੋਰਟ 'ਚ ਹਾਜ਼ਰ ਹੋਣ ਤੋਂ ਵੀਰਵਾਰ ਨੂੰ ਛੋਟ ਦੇ ਦਿੱਤੀ।

ਪ੍ਰਗਿਆ ਅਤੇ 6 ਹੋਰ ਦੋਸ਼ੀ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ 'ਤੇ ਮਾਲੇਗਾਓਂ 'ਚ ਕਿ ਮਸਜਿਦ ਕੋਲ ਬੰਬ ਧਮਾਕਾ ਕਰਨ ਦਾ ਵੀ ਦੋਸ਼ ਹੈ। ਇਨ੍ਹਾਂ 'ਚ 6 ਲੋਕ ਮਾਰੇ ਗਏ ਸਨ ਅਤੇ 100 ਤੋਂ ਵਧ ਲੋਕ ਜ਼ਖਮੀ ਹੋਏ ਸਨ।

ਕੀ ਹੈ ਮਾਲੇਗਾਓਂ ਮਾਮਲਾ?
ਮਾਲੇਗਾਓਂ ਧਮਾਕਾ ਕਰੀਬ 11 ਸਾਲ ਪੁਰਾਣਾ ਮਾਮਲਾ ਹੈ। 29 ਸਤੰਬਰ 2008 ਨੂੰ ਉੱਤਰੀ ਮਹਾਰਾਸ਼ਟਰ ਦੇ ਮਾਲੇਗਾਓਂ ਦੀ ਮਸਜਿਦ ਦੇ ਸਾਹਮਣੇ ਖੜ੍ਹੀ ਇਕ ਮੋਟਰਸਾਈਕਲ 'ਚ ਮੌਜੂਦ ਵਿਸਫੋਟਕਾਂ ਕਾਰਨ ਵੱਡਾ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 100 ਲੋਕ ਜ਼ਖਮ ਹੋਏ ਸਨ। ਪੁਲਸ ਅਨੁਸਾਰ ਜਿਸ ਗੱਡੀ 'ਚ ਵਿਸਫੋਟਕ ਰੱਖੇ ਹੋਏ ਸਨ, ਉਹ ਪ੍ਰਗਿਆ ਠਾਕੁਰ ਦੇ ਨਾਂ ਨਾਲ ਰਜਿਸਟਰਡ ਸੀ। ਇੱਥੋਂ ਇਸ ਧਮਾਕੇ 'ਚ ਸਾਧਵੀ ਦਾ ਨਾਂ ਆਇਆ। ਹਾਲਾਂਕਿ 2017 'ਚ ਮੁੰਬਈ ਹਾਈ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਸੀ। ਹਾਲੇ ਇਸ ਮਾਮਲੇ ਦੀ ਜਾਂਚ ਮੁੰਬਈ ਦੀ ਵਿਸ਼ੇਸ਼ ਐੱਨ.ਆਈ.ਏ. ਕੋਰਟ ਦੇ ਹੱਥ 'ਚ ਹੈ।


DIsha

Edited By DIsha