ਹਿਮਾਚਲ ''ਚ ਨਕਲੀ ਦਵਾਈਆਂ ਬਣਾਉਣ ਵਾਲੀਆਂ ਖ਼ੁਰਾਕ ਯੂਨਿਟਾਂ ਨੂੰ NHRC ਨੇ ਜਾਰੀ ਕੀਤਾ ਨੋਟਿਸ

06/03/2023 4:29:20 PM

ਸੋਲਨ- ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਉਨ੍ਹਾਂ ਖ਼ਬਰਾਂ ਨੂੰ ਆਪਣੇ ਧਿਆਨ 'ਚ ਲੈਂਦੇ ਹੋਏ ਸਿਹਤ ਮੰਤਰਾਲਾ ਅਤੇ ਭਾਰਤੀ ਡਰੱਗ ਕੰਟਰੋਲਰ (DCGI) ਨੂੰ ਨੋਟਿਸ ਭੇਜਿਆ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਹਿਮਾਚਲ ਪ੍ਰਦੇਸ਼ 'ਚ ਭੋਜਨ ਦੀ ਪੂਰਕ ਖ਼ੁਰਾਕ ਦੇ ਨਾਂ 'ਤੇ ਨਕਲੀ ਵਿਟਾਮਿਨ, ਸਿਰਪ ਅਤੇ ਦਵਾਈਆਂ ਦੇ ਉਤਪਾਦਨ ਦਾ ਕੇਂਦਰ ਬਣ ਗਿਆ ਹੈ। ਇਸ ਨੋਟਿਸ 'ਤੇ 4 ਹਫ਼ਤਿਆਂ ਦੇ ਅੰਦਰ ਵਿਸਥਾਰਪੂਰਵਕ ਰਿਪੋਰਟ ਮੰਗੀ ਗਈ ਹੈ। NHRC ਨੇ ਸ਼ੁੱਕਰਵਾਰ ਨੂੰ ਮੀਡੀਆ 'ਚ ਆਈਆਂ ਖ਼ਬਰਾਂ ਦੇ ਹਵਾਲੇ ਤੋਂ ਕਿਹਾ ਕਿ ਪਹਾੜੀ ਸੂਬੇ ਦੇ ਸੋਲਨ ਜ਼ਿਲ੍ਹੇ 'ਚ ਸਥਿਤ ਕੰਪਨੀਆਂ ਸਰਕਾਰੀ ਵਿਭਾਗਾਂ ਵਿਚਾਲੇ ਤਾਲਮੇਲ ਦੀ ਕਮੀ ਦਾ ਫਾਇਦਾ ਚੁੱਕ ਰਹੀਆਂ ਹਨ।

NHRC ਨੇ ਇਕ ਬਿਆਨ 'ਚ ਕਿਹਾ ਹੈ ਕਿ ਇਸ ਖੇਤਰ ਵਿਚ 100 ਤੋਂ ਵੱਧ ਨਿਊਟਰਾਸਿਊਟੀਕਲ ਕੰਪਨੀਆਂ ਸਰਗਰਮ ਹਨ, ਜਿਨ੍ਹਾਂ ਕੋਲ ਖ਼ੁਰਾਕ ਸੁਰੱਖਿਆ ਅਤੇ ਮਾਪਦੰਡ ਐਕਟ, 2006 ਤਹਿਤ ਸਿਰਫ ਖ਼ੁਰਾਕ ਉਤਪਾਦਾਂ ਦਾ ਉਤਪਾਦਨ ਕਰਨ ਦਾ ਲਾਇਸੈਂਸ ਹੈ। ਇਸ ਲਈ ਇਹ DCGI ਅਤੇ ਸੂਬੇ ਦੇ ਖ਼ੁਰਾਕ ਸੁਰੱਖਿਆ ਵਿਭਾਗ ਦੇ ਦਾਇਰੇ ਤੋਂ ਬਾਹਰ ਹੈ। 

NHRC ਨੇ ਕਿਹਾ ਕਿ ਉਸ ਨੇ ਮੀਡੀਆ ਰਿਪੋਰਟਾਂ ਨੂੰ ਧਿਆਨ ਵਿਚ ਲਿਆ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਸੋਲਨ ਦਾ ਬੱਦੀ ਉਦਯੋਗਿਕ ਖੇਤਰ ਨਿਊਟਰਾਸਿਊਟੀਕਲ ਕੰਪਨੀਆਂ ਵਲੋਂ ਭੋਜਨ ਦੀ ਪੂਰਕ ਖ਼ੁਰਾਕ ਦੇ ਨਾਂ 'ਤੇ ਨਕਲੀ ਵਿਟਾਮਿਨ, ਸਿਰਪ ਅਤੇ ਦਵਾਈਆਂ ਦਾ ਉਤਪਾਦਨ ਕੇਂਦਰ ਬਣ ਗਿਆ ਹੈ। NHRC ਨੇ ਵੇਖਿਆ ਕਿ ਮੀਡੀਆ ਦੀ ਰਿਪੋਰਟ ਜੇਕਰ ਸਹੀ ਹੈ ਤਾਂ ਸਰਕਾਰੀ ਵਿਭਾਗਾਂ ਵਲੋਂ ਤਾਲਮੇਲ ਦੀ ਸਪੱਸ਼ਟ ਕਮੀ ਅਤੇ ਉਦਾਸੀਨਤਾ ਕਾਰਨ ਲੋਕਾਂ ਦੀ ਜ਼ਿੰਦਗੀ ਦੇ ਅਧਿਕਾਰ ਨਾਲ ਸਬੰਧਤ ਇਕ ਗੰਭੀਰ ਮੁੱਦਾ ਉੱਠਦਾ ਹੈ। 


Tanu

Content Editor

Related News