ਯਮੁਨਾ ਸਫ਼ਾਈ 'ਤੇ ਜਾਗਰੂਕਤਾ ਵਧਾਉਣ ਲਈ ਲਵੋ ਕਲਾਕਾਰਾਂ ਦੀ ਮਦਦ : NGT
Tuesday, Feb 05, 2019 - 06:05 PM (IST)

ਨਵੀਂ ਦਿੱਲੀ— ਰਾਸ਼ਟਰੀ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਵਲੋਂ ਨਿਯੁਕਤ ਇਕ ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਮੂਰਤੀ ਵਿਸਰਜਨ ਕਾਰਨ ਯਮੁਨਾ ਨਦੀ ਦਾ ਪਾਣੀ ਬੇਹੱਦ ਜ਼ਹਿਰੀਲਾ ਹੋਣ ਦੇ ਸੰਦੇਸ਼ ਨੂੰ ਪ੍ਰਸਾਰਿਤ ਕਰਨ ਲਈ ਫਿਲਮ ਅਤੇ ਟੀ.ਵੀ. ਕਲਾਕਾਰਾਂ ਦੀ ਮਦਦ ਲਈ ਜਾਣੀ ਚਾਹੀਦੀ ਹੈ। ਕਮੇਟੀ ਨੇ ਇਹ ਵੀ ਕਿਹਾ ਕਿ ਇਨ੍ਹਾਂ ਹਸਤੀਆਂ ਨੂੰ ਇਹ ਸੰਦੇਸ਼ ਪ੍ਰਸਾਰਿਤ ਕਰਨਾ ਚਾਹੀਦਾ ਹੈ ਕਿ ਬਿਨਾਂ ਪੇਂਟ ਵਾਲੀ ਸਿਰਫ ਚੀਕਨੀ ਮਿੱਟੀ ਨਾਲ ਬਣੀ ਮੂਰਤੀਆਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਕਮੇਟੀ ਨੇ ਦਿੱਲੀ ਦੇ ਅਧਿਕਾਰੀਆਂ ਨੂੰ ਦਿੱਤੇ ਗਏ ਆਪਣੇ ਨਿਰਦੇਸ਼ਾਂ 'ਚ ਕਿਹਾ,''ਟੀ.ਵੀ. ਅਤੇ ਰੇਡੀਓ ਚੈਨਲਾਂ ਰਾਹੀਂ ਇਕ ਜਾਗਰੂਕਤਾ ਪ੍ਰੋਗਰਾਮ ਦੀ ਯੋਜਨਾਬੱਧ ਤਰੀਕੇ ਨਾਲ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ, ਜਿਸ 'ਚ ਇਹ ਸਾਹਮਣੇ ਲਿਆਇਆ ਜਾਣਾ ਚਾਹੀਦਾ ਹੈ ਕਿ ਮੂਰਤੀ ਵਿਸਰਜਨ ਕਾਰਨ ਕਿਵੇਂ ਨਦੀ 'ਚ ਜ਼ਹਿਰ ਦਾ ਪੱਧਰ ਵਧ ਰਿਹਾ ਹੈ।
ਮਸ਼ਹੂਰ ਹਸਤੀਆਂ ਦਾ ਇੰਟਰਵਿਊ ਲਿਆ ਜਾ ਸਕਦਾ ਹੈ, ਜਿਵੇਂ ਫਿਲਮੀ ਸਿਤਾਰਿਆਂ, ਟੀ.ਵੀ. ਕਲਾਕਾਰਾਂ ਦੇ ਨਾਲ-ਨਾਲ ਮੁੱਖ ਐੱਨ.ਜੀ.ਓ. ਦਾ। ਐੱਨ.ਜੀ.ਟੀ. ਮੁੱਖ ਜੱਜ ਏ.ਕੇ. ਗੋਇਲ ਨੇ ਨਦੀ ਦੀ ਸਫ਼ਾਈ ਦੀ ਨਿਗਰਾਨੀ ਲਈ ਜੁਲਾਈ 'ਚ ਇਕ ਕਮੇਟੀ ਗਠਿਤ ਕੀਤੀ ਸੀ। ਕਮੇਟੀ 'ਚ ਦਿੱਲੀ ਦੀ ਸਾਬਕਾ ਸਕੱਤਰ ਸ਼ੈਲਜਾ ਚੰਦਰਾ ਅਤੇ ਰਿਟਾਇਰਡ ਮਾਹਰ ਮੈਂਬਰ ਬੀ.ਐੱਸ. ਸਜਵਾਨ ਸ਼ਾਮਲ ਹਨ। ਕਮੇਟੀ ਨੇ ਐੱਨ.ਜੀ.ਟੀ. ਨੂੰ ਸੌਂਪੀ ਆਪਣੀ ਰਿਪੋਰਟ 'ਚ ਸੁਝਾਅ ਦਿੱਤਾ ਹੈ ਕਿ ਅਧਿਕਾਰੀਆਂ ਨੂੰ ਮੂਰਤੀ ਵਿਸਰਜਨ ਲਈ ਵੱਖ-ਵੱਖ ਇਲਾਕਿਆਂ 'ਚ ਨਕਲੀ ਤਾਲਾਬ ਅਤੇ ਟੋਏ ਬਣਾਉਣ ਦੀ ਸੰਭਾਵਨਾ ਲੱਭਣੀ ਚਾਹੀਦੀ ਹੈ। ਨਾਲ ਹੀ ਸੁਝਾਇਆ ਕਿ ਮੂਰਤੀਆਂ ਦੀ ਵਧ ਤੋਂ ਵਧ ਲੰਬਾਈ ਤਿੰਨ ਫੁੱਟ ਤੱਕ ਸੀਮਿਤ ਕਰ ਦਿੱਤੀ ਜਾਣੀ ਚਾਹੀਦੀ ਹੈ। ਇਹ ਸੁਝਾਅ ਗੁਜਰਾਤ ਦੇ ਸੂਰਤ ਨੂੰ ਧਿਆਨ 'ਚ ਰੱਖਦੇ ਹੋਏ ਦਿੱਤੇ ਗਏ ਹਨ, ਜਿਸ ਨੇ ਤਾਪਤੀ ਨਦੀ 'ਚ ਕਿਸੇ ਵੀ ਤਰ੍ਹਾਂ ਦੇ ਮੂਰਤੀ ਵਿਸਰਜਨ ਦੀ ਇਜਾਜ਼ਤ ਨਾ ਦੇ ਕੇ ਹਾਲ ਹੀ 'ਚ ਇਕ ਉਦਾਹਰਣ ਸਥਾਪਤ ਕੀਤਾ ਹੈ।