ਐੱਨ.ਜੀ.ਟੀ. ਨੇ ਆਇਲ ਇੰਡੀਆ ''ਤੇ ਲਗਾਇਆ 25 ਕਰੋਡ਼ ਦਾ ਜ਼ੁਰਮਾਨਾ
Thursday, Jun 25, 2020 - 10:09 PM (IST)
ਨਵੀਂ ਦਿੱਲੀ : ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਅਸਮ 'ਚ ਤੇਲ ਦੇ ਖੂਹ 'ਚ ਲੱਗੀ ਅੱਗ 'ਤੇ ਕਾਬੂ ਪਾਉਣ 'ਚ ਅਸਫਲ ਰਹਿਣ 'ਤੇ ਜਨਤਕ ਖੇਤਰ ਦੀ ਤੇਲ ਕੰਪਨੀ ਆਇਲ ਇੰਡੀਆ 'ਤੇ 25 ਕਰੋਡ਼ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਅਥਾਰਟੀ ਦਾ ਕਹਿਣਾ ਹੈ ਕਿ ਖੂਹ 'ਚ ਲੱਗੀ ਅੱਗ ਨਾਲ ਵਾਤਾਵਰਣ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਅਸਮ ਦੇ ਬਾਗਜਾਨ ਸਥਿਤ ਤੇਲ ਦੇ ਖੂਹਾਂ 'ਚੋਂ ਖੂਹ ਨੰਬਰ-5 ਤੋਂ ਪਿਛਲੇ 27 ਦਿਨਾਂ ਤੋਂ ਲਗਾਤਾਰ ਗੈਸ ਦਾ ਰਿਸਾਅ ਹੋ ਰਿਹਾ ਹੈ ਅਤੇ 9 ਜੂਨ ਨੂੰ ਉਸ 'ਚ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ 'ਚ ਆਇਲ ਇੰਡੀਆ ਦੇ 2 ਫਾਇਰ ਬ੍ਰਿਗੇਡ ਕਰਮਚਾਰੀ ਮਾਰੇ ਜਾ ਚੁੱਕੇ ਹਨ।
ਜੱਜ ਐੱਸ.ਪੀ. ਵਾਂਗਡੀ ਅਤੇ ਮਾਹਰ ਮੈਂਬਰ ਸਿਧਾਂਤ ਦਾਸ ਦੀ ਬੈਂਚ ਨੇ ਉੱਚ ਅਦਾਲਤ ਦੇ ਸਾਬਕਾ ਜੱਜ ਬੀ.ਪੀ. ਦੀ ਪ੍ਰਧਾਨਗੀ 'ਚ ਇੱਕ ਕਮੇਟੀ ਗਠਿਤ ਕੀਤੀ, ਜੋ ਇਸ ਮਾਮਲੇ 'ਤੇ 30 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਸੌਂਪੇਗੀ। ਬੈਂਚ ਨੇ ਆਪਣੇ ਆਦੇਸ਼ 'ਚ ਕਿਹਾ, ਆਇਲ ਇੰਡੀਆ ਲਿਮਟਿਡ ਖਿਲਾਫ ਵਾਤਾਵਰਣ, ਜੀਵ-ਵਿਭਿੰਨਤਾ, ਮਨੁੱਖੀ ਅਤੇ ਜੰਗਲੀ ਜੀਵਾਂ ਅਤੇ ਜਨਤਕ ਸਿਹਤ ਨੂੰ ਪਹੁੰਚੇ ਨੁਕਸਾਨ ਦੇ ਸੰਬੰਧ 'ਚ ਜੋ ਮਾਮਲਾ ਬਣਦਾ ਹੈ, ਉਸ ਨੂੰ ਅਤੇ ਕੰਪਨੀ ਦੀ ਕੀਮਤ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਆਇਲ ਇੰਡੀਆ ਨੂੰ 25 ਕਰੋਡ਼ ਰੁਪਏ ਦੀ ਅੰਤਰਿਮ ਰਾਸ਼ੀ ਤਿਨਸੁਕੀਆ ਦੇ ਜ਼ਿਲ੍ਹੇ ਨਿਆਂ-ਅਧਿਕਾਰੀ ਕੋਲ ਜਮਾਂ ਕਰਵਾਉਣ ਦਾ ਆਦੇਸ਼ ਦਿੰਦੇ ਹਾਂ। ਕਾਰਜਕਾਰ ਬੋਨਾਨੀ ਕੱਕੜ ਅਤੇ ਹੋਰਾਂ ਵੱਲੋਂ ਦਰਜ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਅਥਾਰਟੀ ਨੇ ਇਹ ਆਦੇਸ਼ ਦਿੱਤਾ।