NGT ਨੇ ਹਿਮਾਚਲ ਸਰਕਾਰ ਤੋਂ ਰੋਪਵੇਅ ਦੀ ਪ੍ਰਕਿਰਿਆ ''ਚ ਤੇਜ਼ੀ ਲਿਆਉਣ ਦੇ ਦਿੱਤੇ ਆਦੇਸ਼
Friday, Jun 11, 2021 - 01:02 PM (IST)
ਹਿਮਾਚਲ/ਨਵੀਂ ਦਿੱਲੀ- ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਪਲਚਾਨ ਤੋਂ ਰੋਹਤਾਂਗ ਵਿਚਾਲੇ ਰੋਪਵੇਅ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਦਾ ਅਤੇ ਮੁੱਖ ਸਕੱਤਰ ਨੂੰ ਇਸ ਦੇ ਪਾਲਣ 'ਤੇ ਨਿਗਰਾਨੀ ਰੱਖਣ ਦਾ ਵੀਰਵਾਰ ਨੂੰ ਨਿਰਦੇਸ਼ ਦਿੱਤਾ। ਐੱਨ.ਜੀ.ਟੀ. ਦੇ ਪ੍ਰਧਾਨ ਆਦਰਸ਼ ਕੁਮਾਰ ਗੋਇਲ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਮਾਢੀ 'ਚ ਜਲ-ਮਲ ਸੋਧ ਪਲਾਂਟ (ਐੱਸ.ਟੀ.ਪੀ.) 'ਚ ਬਿਜਲੀ ਦਾ ਕਨੈਕਸ਼ਨ ਦੇਣ 'ਚ ਵੀ ਦੇਰੀ ਹੋ ਰਹੀ ਹੈ ਅਤੇ ਮਨਾਲੀ 'ਚ ਐੱਸ.ਟੀ.ਪੀ. ਦੇ ਅਪਗਰੇਡ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਬੈਂਚ ਨੇ ਕਿਹਾ,''ਦੇਖਣ 'ਚ ਆਇਆ ਹੈ ਕਿ ਵਾਤਾਵਰਣ ਸੰਬੰਧੀ ਮਨਜ਼ੂਰੀ ਦੇ ਇੰਤਜ਼ਾਰ 'ਚ ਰੋਪਵੇਅ ਪ੍ਰਾਜੈਕਟ ਪੂਰੀ ਨਹੀਂ ਹੋ ਪਾ ਰਿਹਾ ਹੈ। ਮਾਢੀ 'ਚ ਐੱਸ.ਟੀ.ਪੀ. ਸਥਾਪਤ ਕਰਨ ਅਤੇ ਮਨਾਲੀ 'ਚ ਐੱਸ.ਟੀ.ਪੀ. ਦੇ ਅਪਗਰੇਡ ਸੰਬੰਧੀ ਕਦਮ ਉਠਾਏ ਜਾ ਰਹੇ ਹਨ ਪਰ ਇਨ੍ਹਾਂ ਦੀ ਗਤੀ ਤੇਜ਼ ਕਰਨ ਦੀ ਜ਼ਰੂਰਤ ਹੈ।'' ਮਾਮਲੇ 'ਤੇ ਹੁਣ 26 ਅਕਤੂਬਰ ਨੂੰ ਸੁਣਵਾਈ ਹੋਵੇਗੀ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਐੱਨ.ਜੀ.ਟੀ. ਨੂੰ ਸੂਚਿਤ ਕੀਤਾ ਕਿ ਇਸ ਪ੍ਰਾਜੈਕਟ ਲਈ ਮਨਜ਼ੂਰੀ ਪਾਉਣ ਖ਼ਾਤਰ ਉਸ ਨੇ ਸੁਪਰੀਮ ਕੋਰਟ 'ਚ ਐਪਲੀਕੇਸ਼ਨ ਦਿੱਤੀ ਹੈ, ਕਿਉਂਕਿ ਸੁਪਰੀਮ ਕੋਰਟ ਨੇ ਜੰਗਲਾਤ ਭੂਮੀ ਤਬਦੀਲੀ ਮਾਮਲਿਆਂ 'ਤੇ ਅੱਗੇ ਵੱਧਣ 'ਤੇ ਅੰਤਰਿਮ ਰੋਕ ਲਗਾ ਰੱਖੀ ਹੈ।