ਬੋਲਣ ਦੀ ਸਮਰੱਥਾ ਗੁਆ ਚੁੱਕੇ ਮਰੀਜ਼ਾਂ ਲਈ ਨਵੀਂ ਉਮੀਦ, ਦਿਮਾਗ ਬੋਲੇਗਾ, ਕੰਪਿਊਟਰ ਦੇਵੇਗਾ ਆਵਾਜ਼
Saturday, Sep 12, 2026 - 01:27 AM (IST)
ਨਵੀਂ ਦਿੱਲੀ - ਸਟ੍ਰੋਕ, ਐਮੀਓਟ੍ਰੋਫਿਕ ਲੈਟਰਲ ਸਕਲੇਰੋਸਿਸ (ਏ. ਐੱਲ. ਐੱਸ.) ਅਤੇ ਨਰਵਸ ਸਿਸਟਮ ਨਾਲ ਜੁੜੀਆਂ ਗੰਭੀਰ ਬੀਮਾਰੀਆਂ ਕਾਰਨ ਬੋਲਣ ਦੀ ਸਮਰੱਥਾ ਗੁਆ ਚੁੱਕੇ ਮਰੀਜ਼ਾਂ ਲਈ ਵਿਗਿਆਨੀਆਂ ਨੇ ਨਵੀਂ ਉਮੀਦ ਜਗਾਈ ਹੈ।
ਅਮਰੀਕਾ ਦੀ ਡਿਊਕ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਬ੍ਰੇਨ-ਕੰਪਿਊਟਰ ਇੰਟਰਫੇਸ (ਬੀ. ਸੀ. ਆਈ.) ਤਕਨਾਲੋਜੀ ਵਿਕਸਿਤ ਕੀਤੀ ਹੈ, ਜੋ ਦਿਮਾਗ ਵਿਚ ਪੈਦਾ ਹੋਣ ਵਾਲੇ ਸੰਕੇਤਾਂ ਨੂੰ ਪੜ੍ਹ ਕੇ ਉਨ੍ਹਾਂ ਨੂੰ ਕੰਪਿਊਟਰ ਰਾਹੀਂ ਆਵਾਜ਼ ਵਿਚ ਬਦਲਣ ’ਚ ਮਦਦ ਕਰ ਸਕਦੀ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਤਕਨਾਲੋਜੀ ਭਵਿੱਖ ਵਿਚ ਅਜਿਹੇ ਮਰੀਜ਼ਾਂ ਨੂੰ ਦੁਬਾਰਾ ਗੱਲਬਾਤ ਕਰਨ ਦੇ ਸਮਰੱਥ ਬਣਾ ਸਕਦੀ ਹੈ।
ਦਿਮਾਗ ਦੇ ਸੰਕੇਤਾਂ ਨੂੰ ਆਵਾਜ਼ ’ਚ ਬਦਲੇਗਾ ਸਿਸਟਮ
ਇਸ ਤਕਨਾਲੋਜੀ ਵਿਚ ਮਰੀਜ਼ ਦੇ ਦਿਮਾਗ ਤੋਂ ਮਿਲਣ ਵਾਲੇ ਸੰਕੇਤਾਂ ਨੂੰ ਰਿਕਾਰਡ ਕੀਤਾ ਜਾਂਦਾ ਹੈ। ਇਨ੍ਹਾਂ ਸੰਕੇਤਾਂ ਦਾ ਵਿਸ਼ਲੇਸ਼ਣ ਕਰ ਕੇ ਕੰਪਿਊਟਰ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਮਰੀਜ਼ ਬੋਲਣ ਲਈ ਕਿਸ ਤਰ੍ਹਾਂ ਦੀ ਗਤੀਵਿਧੀ ਕਰ ਰਿਹਾ ਹੈ। ਇਸ ਤੋਂ ਬਾਅਦ ਕੰਪਿਊਟਰ ਮਾਡਲ ਇਨ੍ਹਾਂ ਸੰਕੇਤਾਂ ਨੂੰ ਆਵਾਜ਼ ਵਿਚ ਬਦਲ ਸਕਦਾ ਹੈ। ਇਸ ਦਾ ਉਦੇਸ਼ ਉਨ੍ਹਾਂ ਮਰੀਜ਼ਾਂ ਨੂੰ ਗੱਲਬਾਤ ਦਾ ਮਾਧਿਅਮ ਦੇਣਾ ਹੈ, ਜੋ ਬੀਮਾਰੀ ਜਾਂ ਸੱਟ ਕਾਰਨ ਆਪਣੇ ਮੂੰਹ ਅਤੇ ਆਵਾਜ਼ ਨਾਲ ਬੋਲਣ ਵਿਚ ਅਸਮਰੱਥ ਹੋ ਗਏ ਹਨ।
ਹਰ ਮਰੀਜ਼ ਦੇ ਲਈ ਵੱਖਰੀ ਹੋਵੇਗੀ ਚੁਣੌਤੀ
ਖੋਜਕਰਤਾਵਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਹਰ ਵਿਅਕਤੀ ਦੇ ਦਿਮਾਗ ਵਿਚ ਬੋਲਣ ਨਾਲ ਜੁੜੀਆਂ ਗਤੀਵਿਧੀਆਂ ਵੱਖਰੇ ਤਰੀਕੇ ਨਾਲ ਹੁੰਦੀਆਂ ਹਨ। ਇਸ ਲਈ ਇਕ ਮਰੀਜ਼ ਦੇ ਦਿਮਾਗ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ ’ਤੇ ਤਿਆਰ ਕੀਤਾ ਸਿਸਟਮ ਦੂਜੇ ਮਰੀਜ਼ ’ਤੇ ਸਿੱਧਾ ਲਾਗੂ ਕਰਨਾ ਆਸਾਨ ਨਹੀਂ ਹੈ। ਵਿਗਿਆਨੀਆਂ ਦੀ ਕੋਸ਼ਿਸ਼ ਹੈ ਕਿ ਵੱਖ-ਵੱਖ ਮਰੀਜ਼ਾਂ ਤੋਂ ਮਿਲੇ ਅੰਕੜਿਆਂ ਨੂੰ ਮਿਲਾ ਕੇ ਅਜਿਹਾ ਸਾਂਝਾ ਸਿਸਟਮ ਤਿਆਰ ਕੀਤਾ ਜਾਵੇ, ਜੋ ਜ਼ਿਆਦਾ ਲੋਕਾਂ ਲਈ ਉਪਯੋਗੀ ਹੋ ਸਕੇ।
ਮਸ਼ੀਨ ਦਿਮਾਗ ਦੀ ਹਰਕਤ ਤੋਂ ਸਿੱਖੇਗੀ
ਬ੍ਰੇਨ-ਕੰਪਿਊਟਰ ਇੰਟਰਫੇਸ ਵਿਚ ਮਰੀਜ਼ ਦੇ ਦਿਮਾਗ ਤੋਂ ਰਿਕਾਰਡ ਕੀਤੀਆਂ ਗਈਆਂ ਗਤੀਵਿਧੀਆਂ ਦੀ ਵਰਤੋਂ ਕੰਪਿਊਟਰ ਮਾਡਲ ਨੂੰ ਸਿਖਲਾਈ ਦੇਣ ਲਈ ਕੀਤਾ ਜਾਂਦਾ ਹੈ। ਮਾਡਲ ਇਹ ਸਿੱਖਦਾ ਹੈ ਕਿ ਬੋਲਣ ਦੀ ਕੋਸ਼ਿਸ਼ ਕਰਦੇ ਸਮੇਂ ਦਿਮਾਗ ਵਿਚ ਕਿਸ ਤਰ੍ਹਾਂ ਦੇ ਸੰਕੇਤ ਪੈਦਾ ਹੁੰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਹੀ ਸੰਕੇਤਾਂ ਦੇ ਆਧਾਰ ’ਤੇ ਸ਼ਬਦਾਂ ਜਾਂ ਆਵਾਜ਼ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਵਿਗਿਆਨੀਆਂ ਅਨੁਸਾਰ ਅਜੇ ਇਸ ਪ੍ਰਕਿਰਿਆ ਵਿਚ ਸਮਾਂ ਲੱਗੇਗਾ ਅਤੇ ਕਈ ਮਾਮਲਿਆਂ ਵਿਚ ਇਹ ਜਟਿਲ ਅਤੇ ਮਹਿੰਗੀ ਹੋ ਸਕਦੀ ਹੈ।
ਸਮਾਨ ਪੈਟਰਨ ਲੱਭਣ ’ਤੇ ਜ਼ੋਰ
ਖੋਜਕਰਤਾਵਾਂ ਨੇ ਅਜਿਹੇ ਮਰੀਜ਼ਾਂ ਦੇ ਦਿਮਾਗ ਤੋਂ ਹਾਸਲ ਅੰਕੜਿਆਂ ਦਾ ਅਧਿਐਨ ਕੀਤਾ, ਜਿਨ੍ਹਾਂ ਦੀ ਆਵਾਜ਼ ਪ੍ਰਭਾਵਿਤ ਹੋ ਚੁੱਕੀ ਸੀ। ਇਸ ਤੋਂ ਬਾਅਦ ਬੋਲਣ ਨਾਲ ਜੁੜੀਆਂ ਗਤੀਵਿਧੀਆਂ ਵਿਚਕਾਰ ਸਮਾਨ ਪੈਟਰਨ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਜੇਕਰ ਵੱਖ-ਵੱਖ ਮਰੀਜ਼ਾਂ ਦੇ ਦਿਮਾਗ ਵਿਚ ਬੋਲਣ ਨਾਲ ਸਬੰਧਤ ਸਮਾਨ ਸੰਕੇਤਾਂ ਦੀ ਪਛਾਣ ਹੋ ਜਾਂਦੀ ਹੈ ਤਾਂ ਭਵਿੱਖ ਵਿਚ ਹਰ ਮਰੀਜ਼ ਲਈ ਪੂਰੀ ਤਰ੍ਹਾਂ ਨਵਾਂ ਸਿਸਟਮ ਤਿਆਰ ਕਰਨ ਦੀ ਲੋੜ ਘੱਟ ਸਕਦੀ ਹੈ।
ਇਲਾਜ ਅਤੇ ਮੁੜ-ਵਸੇਬੇ ਵਿਚ ਵੱਡੀ ਸੰਭਾਵਨਾ
ਵਿਗਿਆਨੀਆਂ ਨੂੰ ਉਮੀਦ ਹੈ ਕਿ ਇਸ ਤਕਨਾਲੋਜੀ ਦਾ ਇਸਤੇਮਾਲ ਭਵਿੱਖ ਵਿਚ ਸਟ੍ਰੋਕ, ਏ. ਐੱਲ. ਐੱਸ. ਅਤੇ ਹੋਰ ਨਿਊਰੋਲੌਜੀਕਲ ਬੀਮਾਰੀਆਂ ਤੋਂ ਪ੍ਰਭਾਵਿਤ ਲੋਕਾਂ ਦੇ ਮੁੜ-ਵਸੇਬੇ (ਰਿਹੈਬਿਲੀਟੇਸ਼ਨ) ਵਿਚ ਕੀਤਾ ਜਾ ਸਕੇਗਾ। ਹਾਲਾਂਕਿ ਤਕਨਾਲੋਜੀ ਅਜੇ ਵਿਕਾਸ ਅਤੇ ਪ੍ਰੀਖਣ ਦੇ ਪੜਾਅ ਵਿਚ ਹੈ। ਇਸ ਨੂੰ ਆਮ ਮਰੀਜ਼ਾਂ ਤੱਕ ਪਹੁੰਚਣ ਵਿਚ ਸਮਾਂ ਲੱਗ ਸਕਦਾ ਹੈ। ਫਿਰ ਵੀ ਬੋਲਣ ਦੀ ਸਮਰੱਥਾ ਗੁਆ ਚੁੱਕੇ ਲੋਕਾਂ ਲਈ ਇਹ ਖੋਜ ਗੱਲਬਾਤ ਦੀ ਦੁਨੀਆ ਵਿਚ ਇਕ ਮਹੱਤਵਪੂਰਨ ਨਵੀਂ ਸੰਭਾਵਨਾ ਮੰਨੀ ਜਾ ਰਹੀ ਹੈ।
