ਨਵੀਂ ਸਰਕਾਰ ਦੇ ਸਾਹਮਣੇ ਸੋਕੇ ਨਾਲ ਨਜਿੱਠਣਾ ਸਭ ਤੋਂ ਵੱਡੀ ਚੁਣੌਤੀ

05/31/2019 10:15:49 AM

ਨਵੀਂ ਦਿੱਲੀ— ਮਾਨਸੂਨ ਵਿਚ ਦੇਰੀ, ਪੌਣ-ਪਾਣੀ ਵਿਚ ਤਬਦੀਲੀ ਅਤੇ ਔਸਤ ਤਾਪਮਾਨ ਵਿਚ ਵਾਧੇ ਕਾਰਨ ਦੇਸ਼ ਦੇ ਕਈ ਹਿੱਸੇ ਸੋਕੇ ਦੀ ਲਪੇਟ ਵਿਚ ਆ ਗਏ ਹਨ। ਨਵੀਂ ਸਰਕਾਰ ਦੇ ਸਾਹਮਣੇ ਸੋਕੇ ਨਾਲ ਨਜਿੱਠਣਾ ਇਕ ਵੱਡੀ ਚੁਣੌਤੀ ਹੋਵੇਗੀ। ਦਿੱਲੀ, ਮੁੰਬਈ, ਚੇਨਈ ਅਤੇ ਹੈਦਰਾਬਾਦ ਸਮੇਤ 20 ਤੋਂ ਵਧ ਵੱਡੇ ਸ਼ਹਿਰਾਂ ਵਿਚ ਜ਼ਮੀਨੀ ਪਾਣੀ ਦੇ ਪੱਧਰ ਦੀ ਗਿਰਾਵਟ ਸਮੱਸਿਆ ਨਾਲ ਭਰਪੂਰ ਭਵਿੱਖ ਦਾ ਸਪੱਸ਼ਟ ਸੰਕੇਤ ਹੈ। ਨੀਤੀ ਆਯੋਗ ਦੀ ਇਕ ਰਿਪੋਰਟ ਮੁਤਾਬਕ ਆਉਂਦੇ ਇਕ ਸਾਲ ਦੌਰਾਨ ਪਾਣੀ ਦੇ ਇਸ ਸੰਕਟ ਕਾਰਨ 10 ਕਰੋੜ ਤੋਂ ਲੋਕ ਪ੍ਰਭਾਵਿਤ ਹੋਣਗੇ।

2030 ਤੱਕ ਭਾਰਤ ਦੀ 40 ਫੀਸਦੀ ਆਬਾਦੀ ਇਸ ਗੰਭੀਰ ਸਮੱਸਿਆ ਦਾ ਸ਼ਿਕਾਰ ਹੋਵੇਗੀ। ਇਸ ਬੇਮਿਸਾਲ ਸੰਕਟ ਨਾਲ ਨਜਿੱਠਣ ਲਈ ਠੋਸ ਪਹਿਲ ਕਰਨੀ ਹੋਵੇਗੀ। ਆਈ. ਆਈ. ਟੀ. ਗਾਂਧੀਨਗਰ ਦੀ ਚਿਤਾਵਨੀ 'ਤੇ ਵਿਚਾਰ ਕਰੀਏ ਤਾਂ ਘੱਟ ਮੀਂਹ ਕਾਰਨ ਭਾਰਤ ਦੇ ਦੱਖਣੀ ਹਿਸਿੱਆਂ ਵਿਚ ਸੋਕਾ ਗੰਭੀਰ ਰੂਪ ਧਾਰਨ ਕਰ ਸਕਦਾ ਹੈ।

ਇਹ ਹੈ ਉਮੀਦ ਦੀ ਕਿਰਨ
ਜੇ ਪ੍ਰਸ਼ਾਂਤ ਮਹਾਸਾਗਰ ਦੇ ਤਾਪਮਾਨ ਵਿਚ ਕਮੀ ਆਉਂਦੀ ਹੈ ਤਾਂ ਦੱਖਣੀ-ਪੱਛਮੀ ਮਾਨਸੂਨ ਦੀ ਮਿਆਦ ਦਾ ਦੂਜਾ ਹਿੱਸਾ ਵਧੀਆ ਹੋ ਸਕਦਾ ਹੈ। ਅਲਨੀਨੋ ਦੇ ਕਮਜ਼ੋਰ ਰਹਿਣ ਦਾ ਅੰਦਾਜ਼ਾ ਵੀ ਉਮੀਦ ਦੀ ਇਕ ਕਿਰਨ ਹੈ।

ਨਕਲੀ ਮੀਂਹ ਪੁਆਏਗੀ ਮਹਾਰਾਸ਼ਟਰ ਸਰਕਾਰ
ਭਿਆਨਕ ਸੋਕੇ ਦੀ ਮਾਰ ਸਹਿ ਰਹੇ ਮਰਾਠਵਾੜਾ, ਵਿਦਰਭ ਅਤੇ ਪੱਛਮੀ ਮਹਾਰਾਸ਼ਟਰ ਵਿਚ ਸਰਕਾਰ ਨਕਲੀ ਮੀਂਹ ਪੁਆਏਗੀ । ਇਸ ਲਈ 30 ਕਰੋੜ ਰੁਪਏ ਖਰਚ ਹੋਣਗੇ। ਮਹਾਰਾਸ਼ਟਰ 'ਚ ਪਾਣੀ ਵਾਲੇ 26 ਭੰਡਾਰ ਸੁੱਕ ਗਏ ਹਨ।

ਕੀ ਕਰਨਾ ਚਾਹੀਦਾ ਹੈ
ਪਾਣੀ ਸੰਕਟ ਨਾਲ ਨਜਿੱਠਣ ਲਈ ਸਾਨੂੰ ਪਾਣੀ ਦੇ ਸੋਮਿਆਂ ਅਤੇ ਪਾਣੀ ਦੇ ਭੰਡਾਰਾਂ, ਜ਼ਮੀਨੀ ਪਾਣੀ ਅਤੇ ਸਿੰਚਾਈ ਸੋਮਿਆਂ ਦੀ ਵਿਵੇਕਪੂਰਨ ਅਤੇ ਢੁਕਵੇਂ ਨਾਲ ਵਰਤੋਂ ਸਿੱਖਣੀ ਚਾਹੀਦੀ ਹੈ। ਬੀਤੇ 10 ਸਾਲ ਦੌਰਾਨ ਆਬਾਦੀ ਵਿਚ ਹੋਏ ਵਾਧੇ, ਆਰਥਿਕ ਸਰਗਰਮੀਆਂ ਅਤੇ ਖਪਤਕਾਰਾਂ ਦੀਆਂ ਬਦਲਦੀਆਂ ਆਦਤਾਂ ਕਾਰਨ ਕੌਮਾਂਤਰੀ ਪੱਧਰ 'ਤੇ ਪਾਣੀ ਦੀ ਖਪਤ ਹਰ ਸਾਲ ਇਕ ਫੀਸਦੀ ਦੀ ਦਰ ਨਾਲ ਵੱਧ ਰਹੀ ਹੈ।

ਮੀਂਹ ਨਾਲ ਸਬੰਧਤ ਅੰਕੜੇ

1- 16 ਫੀਸਦੀ ਸੋਕਾ ਸੰਭਾਵਿਤ ਖੇਤਰ ਹੈ।

2- 5 ਕਰੋੜ ਲੋਕ ਹਰ ਸਾਲ ਸੋਕੇ ਕਾਰਨ ਪ੍ਰਭਾਵਿਤ ਹੁੰਦੇ ਹਨ।

3- ਬੀਜਾਈ ਵਾਲੇ ਖੇਤਰ ਦਾ 68 ਫੀਸਦੀ ਹਿੱਸਾ ਸੋਕਾ ਪ੍ਰਭਾਵਿਤ ਹੈ।

4- 35 ਫੀਸਦੀ ਖੇਤਰ ਵਿਚ 750 ਤੋਂ 1125 ਿਮਲੀ ਮੀਟਰ ਮੀਂਹ ਪੈਂਦਾ ਹੈ।

5- 19.6 ਫੀਸਦੀ ਹਿੱਸਾ ਦੇਸ਼ ਵਿਚ ਖੁਸ਼ਕ ਹੈ, ਜਦਕਿ 37.5 ਫੀਸਦੀ ਹਿੱਸਾ ਅਰਧ-ਖੁਸ਼ਕ ਹੈ।

6- 1160 ਮਿਲੀ ਮੀਟਰ ਵਰਖਾ ਭਾਰਤ ਵਿਚ ਔਸਤ ਸਾਲਾਨਾ ਹੁੰਦੀ ਹੈ।

7- 33 ਫੀਸਦੀ ਖੇਤਰ ਵਿਚ 750 ਮਿਲੀ ਮੀਟਰ ਤੋਂ ਵੀ ਘੱਟ ਮੀਂਹ ਪੈਂਦਾ ਹੈ।

8- 21 ਫੀਸਦੀ ਖੇਤਰ ਵਿਚ 750 ਮਿਲੀ ਮੀਟਰ ਤੋਂ ਘੱਟ ਵਰਖਾ ਹੁੰਦੀ ਹੈ।

9- 10 ਸਾਲ ਵਿਚੋਂ 4 ਸਾਲ ਬੇਤਰਤੀਬਾ ਮੀਂਹ ਪਿਆ ਹੈ।

ਚੇਨਈ ਵਿਚ ਭਾਂਡੇ ਧੋਣ ਲਈ ਟਿਸ਼ੂ ਪੇਪਰਾਂ ਦੀ ਹੋ ਰਹੀ ਹੈ ਵਰਤੋਂ
ਗਲੀਆਂ-ਮੁਹੱਲਿਆਂ ਵਿਚ ਪਾਣੀ ਦੇ ਟੈਂਕਰਾਂ ਦੇ ਆਉਣ 'ਤੇ ਲੋਕ ਵੱਖ-ਵੱਖ ਭਾਂਡੇ ਲੈ ਕੇ ਪਾਣੀ ਭਰਨ ਲਈ ਦੌੜਦੇ ਹਨ। ਕਤਾਰ ਵਿਚ ਖੜ੍ਹੀਆਂ ਔਰਤਾਂ ਆਪਣੀ ਵਾਰੀ ਦੀ ਉਡੀਕ ਕਰਦੀਆਂ ਹਨ। ਘਰਾਂ ਵਿਚ ਟੂਟੀਆਂ ਸੁੱਕੀਆਂ ਪਈਆਂ ਹਨ। ਇਹ ਨਜ਼ਾਰਾ ਦੇਸ਼ ਦੇ ਸਭ ਤੋਂ ਵੱਡੇ ਮਹਾਨਗਰਾਂ ਵਿਚ ਸ਼ਾਮਲ ਚੇਨਈ ਦਾ ਹੈ, ਜਿਥੇ ਇਸ ਸਮੇਂ ਪਾਣੀ ਦਾ ਗੰਭੀਰ ਸੰਕਟ ਹੈ। ਸ਼ਹਿਰ ਦੇ ਕਈ ਲੋਕਾਂ ਲਈ ਹਰ ਰੋਜ਼ ਨਹਾਉਣਾ ਔਖਾ ਹੋ ਗਿਆ ਹੈ। ਕੱਪੜੇ ਧੋਣੇ ਤਾਂ ਦੂਰ ਦੀ ਗੱਲ, ਘਰਾਂ ਵਿਚ ਭਾਂਡੇ ਧੋਣ ਲਈ ਪਾਣੀ ਨਹੀਂ ਮਿਲ ਰਿਹਾ ਤੇ ਲੋਕ ਟਿਸ਼ੂ ਪੇਪਰਾਂ ਨਾਲ ਭਾਂਡੇ ਸਾਫ ਕਰਦੇ ਹਨ।


DIsha

Content Editor

Related News