10 ਕਰੋੜ ਦੇ ਪਾਰ ਪਹੁੰਚੀ ਹਵਾਈ ਯਾਤਰੀਆਂ ਦੀ ਗਿਣਤੀ
Friday, Jan 26, 2018 - 09:43 PM (IST)
ਨਵੀਂ ਦਿੱਲੀ— ਦੇਸ਼ 'ਚ ਘਰੇਲੂ ਮਾਰਗਾਂ 'ਤੇ ਹਵਾਈ ਯਾਤਰੀਆਂ ਦੀ ਗਿਣਤੀ ਪਹਿਲੀ ਵਾਰ ਇਕ ਸਾਲ 'ਚ 10 ਕਰੋੜ ਦੇ ਪਾਰ ਪਹੁੰਚ ਗਈ ਹੈ। ਪਿਛਲੇ ਸਾਲ ਘਰੇਲੂ ਮਾਰਗਾਂ 'ਤੇ 11 ਕਰੋੜ 71 ਲੱਖ 76 ਹਜ਼ਾਰ ਯਾਤਰੀਆਂ ਨੇ ਹਵਾਈ ਯਾਤਰਾ ਕੀਤੀ ਸੀ, ਜੋ ਆਪਣੇ-ਆਪ 'ਚ ਇਕ ਰਿਕਾਰਡ ਹੈ। ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਕੈਲੇਂਡਰ ਸਾਲ 'ਚ ਇਹ ਆਂਕੜਾ 10 ਕਰੋੜ ਦੇ ਪਾਰ ਰਿਹਾ ਹੈ। ਇਸ ਤਰ੍ਹਾਂ ਇਸ 'ਚ 17.31 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਸਤੇ ਜਹਾਜ਼ ਇੰਧਨ, ਵੱਧਦੇ ਮੁਕਾਬਲੇ ਅਤੇ ਲੋਕਾਂ ਦੇ ਖਰਚੇ ਦੀ ਸਮੱਰਥਾ ਵਧਣ ਕਾਰਨ ਲਗਾਤਾਰ 39 ਮਹੀਨੇ ਤੋਂ ਦੇਸ਼ 'ਚ ਹਵਾਈ ਯਾਤਰਾ ਕਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਅਕਤੂਬਰ 2014 ਤੋਂ ਇਹ ਕ੍ਰਮ ਜਾਰੀ ਹੈ। ਨਾਗਰ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਦੇ ਆਂਕੜਿਆਂ ਮੁਤਾਬਕ, ਪਿਛਲੇ ਸਾਲ ਦਸੰਬਰ 'ਚ ਦੇਸ਼ 'ਚ ਜਹਾਜ਼ ਦੀ ਯਾਤਰਾ ਕਰਨ ਵਾਲਿਆਂ ਦੀ ਗਿਣਤੀ 17.69 ਫੀਸਦੀ ਵੱਧ ਕੇ ਇਕ ਕਰੋੜ 12 ਲੱਖ 42 ਹਜ਼ਾਰ 'ਤੇ ਪਹੁੰਚ ਗਈ ਸੀ, ਜੋ ਕਿਸੇ ਇਕ ਮਹੀਨੇ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ 2016 'ਚ ਦੇਸ਼ 'ਚ ਜਹਾਜ਼ ਤੋਂ ਯਾਤਰਾ ਕਰਨ ਵਾਲਿਆਂ ਦੀ ਗਿਣਤੀ 23.18 ਫੀਸਦੀ ਅਤੇ 2015 'ਚ 20.34 ਫੀਸਦੀ ਵਧੀ ਸੀ, ਜਦਕਿ ਸਾਲ 2014 'ਚ ਇਹ ਆਂਕੜਾ 9.70 ਫੀਸਦੀ ਰਿਹਾ ਸੀ। ਘਰੇਲੂ ਬਾਜ਼ਾਰ 'ਚ ਪਿਛਲੇ ਸਾਲ ਵੀ ਇੰਡੀਗੋ ਦਾ ਦਬਦਬਾ ਕਾਇਮ ਰਿਹਾ। ਉਸ ਦੇ ਨੈਟਵਰਕ 'ਤੇ ਚਾਰ ਕਰੋੜ 63 ਲੱਖ 72 ਹਜ਼ਾਰ ਯਾਤਰੀਆਂ ਨੇ ਸਫਰ ਕੀਤਾ ਅਤੇ ਉਸ ਦੀ ਬਾਜ਼ਾਰ ਹਿੱਸੇਦਾਰੀ 39.6 ਫੀਸਦੀ ਰਹੀ। ਜੈਟ ਏਅਰਵੇਜ਼ 15.4 ਫੀਸਦੀ ਦੇ ਨਾਲ ਦੂਜੇ ਅਤੇ ਸਰਕਾਰੀ ਏਅਰਲਾਈਨ ਕੰਪਨੀ 13.3 ਫੀਸਦੀ ਦੇ ਨਾਲ ਤੀਜੇ ਸਥਾਨ 'ਤੇ ਰਹੀ। ਕਿਫਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸਜੈਟ 13.2 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਚੌਥੇ ਸਥਾਨ 'ਤੇ ਰਹੀ। ਸਾਲ 2016 'ਚ ਇੰਡੀਗੋ ਦੀ ਹਿੱਸੇਦਾਰੀ 39.3 ਫੀਸਦੀ, ਜੈਟ ਏਅਰਵੇਜ਼ ਦੀ 16.3 ਫੀਸਦੀ, ਏਅਰ ਇੰਡੀਆ ਦੀ 14.6 ਫੀਸਦੀ ਅਤੇ ਸਪਾਈਸਜੈਟ ਦੀ 12.7 ਫੀਸਦੀ ਰਹੀ ਸੀ।
