ਬਣਨ ਜਾ ਰਿਹਾ ਨਵਾਂ ਏਅਰਪੋਰਟ ! ਕੇਂਦਰ ਸਰਕਾਰ ਨੇ 2014 ਕਰੋੜ ਦੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ
Thursday, Nov 26, 2026 - 10:43 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਦੀ ਬੁੱਧਵਾਰ ਨੂੰ ਹੋਈ ਬੈਠਕ 'ਚ 5 ਵੱਡੇ ਫ਼ੈਸਲੇ ਲਏ ਗਏ। ਸਭ ਤੋਂ ਵੱਡਾ ਫ਼ੈਸਲਾ ਆਸਾਮ ਦੇ ਸਿਲਚਰ 'ਚ ਨਵਾਂ ਗ੍ਰੀਨਫ਼ੀਲਡ ਏਅਰਪੋਰਟ ਬਣਾਉਣ ਦਾ ਹੈ, ਜਿਸ ਦੇ ਲਈ ਸਰਕਾਰ ਨੇ 2014 ਕਰੋੜ ਰੁਪਏ ਮਨਜ਼ੂਰ ਕਰ ਦਿੱਤੇ ਹਨ। ਇਹ ਏਅਰਪੋਰਟ ਬੰਗਲਾਦੇਸ਼ ਬਾਰਡਰ ਤੋਂ ਲੱਗਭਗ 20 ਕਿ.ਮੀ. ਦੂਰ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਨੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਸਿਲਚਰ ਦੇ ਡੋਲੂ ਵਿਚ ਪ੍ਰਸਤਾਵਿਤ ਨਵੇਂ ਹਵਾਈ ਅੱਡੇ ’ਤੇ ਰੁਝੇਵੇਂ ਵਾਲੇ ਸਮੇਂ ਵਿਚ 800 ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਹੋਵੇਗੀ। ਇਸ ਦੀ ਸਾਲਾਨਾ ਯਾਤਰੀ ਸਮਰੱਥਾ 10.1 ਲੱਖ ਹੋਵੇਗੀ। ਵੈਸ਼ਣਵ ਨੇ ਕਿਹਾ ਕਿ ਨਵਾਂ ਹਵਾਈ ਅੱਡਾ ਬਰਾਕ ਘਾਟੀ ਅਤੇ ਆਸ-ਪਾਸ ਦੇ ਪੂਰਬ-ਉੱਤਰ ਖੇਤਰ ਨੂੰ ਹਵਾਈ ਸੰਪਰਕ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸੈਰ-ਸਪਾਟੇ ਨੂੰ ਹੁਲਾਰਾ ਦੇਣ ਵਿਚ ਵੀ ਮਦਦ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ।
ਇਸ ਤੋਂ ਇਲਾਵਾ ਸਰਕਾਰ ਨੇ ਯੂਰੀਆ ਦੇ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣ ਅਤੇ ਦਰਾਮਦ ’ਤੇ ਨਿਰਭਰਤਾ ਘਟਾਉਣ ਲਈ ਲੱਗਭਗ 54,000 ਕਰੋੜ ਰੁਪਏ ਦੀ ਲਾਗਤ ਵਾਲੀਆਂ 6 ਗੈਸ ਆਧਾਰਿਤ ਯੂਰੀਆ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਜੁਲਾਈ ਵਿਚ ਨੋਟੀਫਾਈ ਕੀਤੀ ਗਈ ‘ਨਵੀਂ ਯੂਰੀਆ ਨਿਵੇਸ਼ ਨੀਤੀ-2026’ ਤਹਿਤ ਮਿਲੇ 18 ਪ੍ਰਸਤਾਵਾਂ ਵਿਚੋਂ ਜਨਤਕ, ਨਿੱਜੀ ਅਤੇ ਸਹਿਕਾਰੀ ਖੇਤਰਾਂ ਦੀਆਂ 6 ਪੁਰਾਣੀਆਂ ਇਕਾਈਆਂ ਦੇ ਵਿਸਥਾਰ ਅਤੇ ਆਧੁਨਿਕੀਕਰਨ ਨਾਲ ਜੁੜੇ ਪ੍ਰਾਜੈਕਟਾਂ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਨ੍ਹਾਂ ਵਿਚ ਚੇਨਈ ਸਥਿਤ ਮਦਰਾਸ ਫ਼ਰਟੀਲਾਈਜ਼ਰਜ਼ ਲਿਮਟਿਡ (ਐੱਮ. ਐੱਫ਼. ਐੱਲ.), ਪੰਜਾਬ ਦੇ ਨੰਗਲ ਵਿਚ ਨੈਸ਼ਨਲ ਫ਼ਰਟੀਲਾਈਜ਼ਰਜ਼ ਲਿਮਟਿਡ (ਐੱਨ. ਐੱਫ਼. ਐੱਲ.), ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਚ ਕ੍ਰਿਭਕੋ, ਪੱਛਮੀ ਬੰਗਾਲ ਦੇ ਪਾਣਾਗੜ੍ਹ ਵਿਚ ਮੈਟਿਕਸ ਫ਼ਰਟੀਲਾਈਜ਼ਰਜ਼, ਰਾਜਸਥਾਨ ਦੇ ਕੋਟਾ ਵਿਚ ਚੰਬਲ ਫ਼ਰਟੀਲਾਈਜ਼ਰਜ਼ ਅਤੇ ਉੱਤਰ ਪ੍ਰਦੇਸ਼ ਦੇ ਜਗਦੀਸ਼ਪੁਰ ਵਿਚ ਆਈ. ਆਈ. ਪੀ. ਐੱਲ. ਦੇ ਪ੍ਰਾਜੈਕਟ ਸ਼ਾਮਲ ਹਨ। ਅਧਿਕਾਰੀ ਮੁਤਾਬਕ, ਇਨ੍ਹਾਂ 6 ਪ੍ਰਾਜੈਕਟਾਂ ਵਿਚੋਂ ਹਰੇਕ ’ਤੇ ਲੱਗਭਗ 9,000 ਕਰੋੜ ਰੁਪਏ ਦਾ ਪੂੰਜੀਗਤ ਨਿਵੇਸ਼ ਹੋਣ ਦਾ ਅਨੁਮਾਨ ਹੈ। ਇਸ ਤਰ੍ਹਾਂ ਇਨ੍ਹਾਂ ਤੋਂ ਲੱਗਭਗ 54,000 ਕਰੋੜ ਰੁਪਏ ਦਾ ਨਵਾਂ ਨਿਵੇਸ਼ ਆਕਰਸ਼ਿਤ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਪੈਸਿਆਂ ਖ਼ਾਤਰ 'ਬੇਗ਼ਾਨੀ' ਜੰਗ ਲੜਨ ਜਾ ਰਿਹਾ ਜਵਾਨ ਏਅਰਪੋਰਟ ਤੋਂ ਗ੍ਰਿਫ਼ਤਾਰ ! ਅਦਾਲਤ ਨੇ ਸੁਣਾਈ ਸਜ਼ਾ
ਡਾਕਘਰਾਂ ਦੇ ਆਧੁਨਿਕੀਕਰਨ ਲਈ 1,141 ਕਰੋੜ ਰੁਪਏ ਮਨਜ਼ੂਰ
ਕੇਂਦਰੀ ਮੰਤਰੀ ਮੰਡਲ ਨੇ 5 ਸਾਲਾਂ ਵਿਚ ਡਾਕਘਰਾਂ ਦੇ ਆਧੁਨਿਕੀਕਰਨ ਲਈ 1,141 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ। ਡਾਕ ਵਿਭਾਗ ਨੂੰ ਮਨਜ਼ੂਰ ਕੀਤੀ ਗਈ ਇਸ ਰਕਮ ਦੀ ਵਰਤੋਂ ਡਾਕ ਨੈੱਟਵਰਕ ਦੇ ਆਧੁਨਿਕੀਕਰਨ ਦੇ ਨਾਲ-ਨਾਲ ਚਿੱਠੀ-ਪੱਤਰ ਅਤੇ ਪਾਰਸਲ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਵੇਗੀ।
ਭਾਰਤ ’ਚ ਹੀ ਬਣਨਗੀਆਂ ਬੁਲਡੋਜ਼ਰ, ਕ੍ਰੇਨ ਅਤੇ ਸੁਰੰਗ ਪੁੱਟਣ ਵਾਲੀਆਂ ਮਸ਼ੀਨਾਂ
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਦੱਸਿਆ ਕਿ ਦੇਸ਼ ਵਿਚ ਸੜਕਾਂ, ਪੁਲ ਅਤੇ ਸੁਰੰਗਾਂ ਬਣਾਉਣ ਦਾ ਕੰਮ ਵਧਣ ਨਾਲ ਬੁਲਡੋਜ਼ਰ, ਕ੍ਰੇਨ ਅਤੇ ਵੱਡੀਆਂ ਮਸ਼ੀਨਾਂ ਦੀ ਮੰਗ ਵਧ ਰਹੀ ਹੈ। ਅਜੇ ਭਾਰਤ ਵਿਚ ਇਨ੍ਹਾਂ ਦੀ ਅੱਧੀ ਤੋਂ ਵੱਧ ਲੋੜ ਵਿਦੇਸ਼ਾਂ ਤੋਂ ਪੂਰੀ ਹੁੰਦੀ ਹੈ। ਸਰਕਾਰ ਹੁਣ 11 ਹਜ਼ਾਰ ਕਰੋੜ ਰੁਪਏ ਖ਼ਰਚ ਕਰ ਕੇ ਅਗਲੇ 8 ਸਾਲਾਂ ਵਿਚ ਇਨ੍ਹਾਂ ਮਸ਼ੀਨਾਂ ਅਤੇ ਇਨ੍ਹਾਂ ਦੇ ਪੁਰਜ਼ਿਆਂ ਨੂੰ ਦੇਸ਼ ਵਿਚ ਹੀ ਬਣਾਉਣ ਨੂੰ ਹੁਲਾਰਾ ਦੇਵੇਗੀ। ਇਸ ਲਈ ਜੇ. ਸੀ. ਬੀ. ਵਰਗੀਆਂ ਕੰਪਨੀਆਂ ਦੇ ਨਾਲ-ਨਾਲ ਛੋਟੇ ਪੁਰਜ਼ੇ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੀ ਵਿੱਤੀ ਮਦਦ ਮਿਲੇਗੀ। ਵੈਸ਼ਣਵ ਮੁਤਾਬਕ, ਸੁਰੰਗ ਪੁੱਟਣ ਵਰਗੀ ਇਕ ਵੱਡੀ ਮਸ਼ੀਨ ਬਣਾਉਣ ਵਿਚ 500-600 ਕੰਪਨੀਆਂ ਦੇ ਪੁਰਜ਼ੇ ਲੱਗ ਸਕਦੇ ਹਨ।
ਤਾਮਿਲਨਾਡੂ ’ਚ ਕਾਮਰਾਜਾਰ ਬੰਦਰਗਾਹ ’ਤੇ ਦੂਜਾ ਕੰਟੇਨਰ ਟਰਮੀਨਲ ਬਣੇਗਾ
ਤਾਮਿਲਨਾਡੂ ਦੇ ਕਾਮਰਾਜਾਰ ਬੰਦਰਗਾਹ ’ਤੇ ਦੂਜਾ ਕੰਟੇਨਰ ਟਰਮੀਨਲ ਬਣਾਉਣ ਦੀ ਮਨਜ਼ੂਰੀ ਮਿਲੀ ਹੈ। ਇਸ ਨੂੰ ਜਨਤਕ-ਨਿੱਜੀ ਭਾਈਵਾਲੀ (ਪੀ. ਪੀ. ਪੀ.) ਮਾਡਲ ਤਹਿਤ ਬਣਾਇਆ ਜਾਵੇਗਾ। ਪ੍ਰਾਜੈਕਟ ’ਤੇ ਲੱਗਭਗ 4,288.26 ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ- ਇਰਾਨ ਨੇ ਅਮਰੀਕਾ ਅੱਗੇ ਰੱਖੀਆਂ 7 ਸ਼ਰਤਾਂ ! ਕਿਹਾ- ਜਦੋਂ ਤੱਕ ਇਹ ਨਹੀਂ ਪੂਰੀਆਂ ਹੁੰਦੀਆਂ, ਉਦੋਂ ਤੱਕ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
