ਊਠਣੀ ਦੇ ਦੁੱਧ ’ਚ ਦਵਾਈਆਂ ਬਣਾਉਣ ਦੀਆਂ ਨਵੀਆਂ ਸੰਭਾਵਨਾਵਾਂ
Thursday, Nov 26, 2026 - 12:57 AM (IST)
ਨਵੀਂ ਦਿੱਲੀ – ਇਨਫੈਕਸ਼ਨ ਨਾਲ ਲੜਨ ਅਤੇ ਸਰੀਰ ਦੀ ਰੋਗ-ਰੋਕੂ ਸਮਰੱਥਾ ਨਾਲ ਜੁੜੀਆਂ ਸਮੱਸਿਆਵਾਂ ਲਈ ਭਵਿੱਖ ਵਿਚ ਇਲਾਜ ਦੇ ਨਵੇਂ ਢੰਗ ਵਿਕਸਿਤ ਹੋ ਸਕਦੇ ਹਨ। ਇਸ ਦਾ ਇਕ ਸੰਭਾਵਤ ਰਸਤਾ ਊਠਣੀ ਦੇ ਦੁੱਧ ਵਿਚ ਲੁਕਿਆ ਹੋਇਆ ਹੈ।
ਏਮਜ਼ ਦਿੱਲੀ ਦੇ ਵਿਗਿਆਨੀਆਂ ਨੇ ਊਠਣੀ ਦੇ ਦੁੱਧ ਵਿਚ ਮੌਜੂਦ ਖਾਸ ਪ੍ਰੋਟੀਨ ‘ਕੈਮਲ ਲੈਕਟੋਫੈਰਿਨ’ ਦਾ ਅਧਿਐਨ ਕੀਤਾ ਹੈ। ਮੁੱਢਲੇ ਵਿਗਿਆਨਕ ਨਤੀਜਿਆਂ ਵਿਚ ਇਸ ਦੇ ਇਨਫੈਕਸ਼ਨ-ਰੋਕੂ ਗੁਣ ਅਤੇ ਰੋਗ-ਰੋਕੂ ਪ੍ਰਣਾਲੀ ’ਤੇ ਸੰਭਾਵਤ ਪ੍ਰਭਾਵ ਸਾਹਮਣੇ ਆਏ ਹਨ। ਇਸ ਨਾਲ ਬੈਕਟੀਰੀਆ ਤੇ ਵਾਇਰਸਾਂ ਕਾਰਨ ਹੋਣ ਵਾਲੇ ਇਨਫੈਕਸ਼ਨਾਂ ਦੇ ਇਲਾਜ ਦੇ ਨਵੇਂ ਰਸਤੇ ਲੱਭਣ ਦੀ ਉਮੀਦ ਜਾਗੀ ਹੈ।
ਏਮਜ਼ ਦੇ ਬਾਇਓਫਿਜ਼ਿਕਸ ਵਿਭਾਗ ਦੀ ਡਾ. ਸੁਜਾਤਾ ਸ਼ਰਮਾ, ਸੁਰਭੀ ਪੰਡਿਤ, ਐਸ਼ਵਰਿਆ ਰਾਏ, ਤੇਜ ਪੀ. ਸਿੰਘ ਤੇ ਪ੍ਰਦੀਪ ਸ਼ਰਮਾ ਦਾ ਇਹ ਅਧਿਐਨ ਕੌਮਾਂਤਰੀ ਜਰਨਲ ‘ਪ੍ਰੋਬਾਇਓਟਿਕਸ ਐਂਡ ਮਾਈਕ੍ਰੋਬੀਅਲ ਪ੍ਰੋਟੀਨਜ਼’ ਵਿਚ ਛਪਿਆ ਹੈ। ਇਸ ਵਿਚ ਊਠਣੀ ਦੇ ਦੁੱਧ ’ਚ ਮੌਜੂਦ ਉਕਤ ਪ੍ਰੋਟੀਨ ਦੀ ਬਣਤਰ, ਆਇਰਨ ਨੂੰ ਬੰਨ੍ਹਣ ਦੀ ਸਮਰੱਥਾ, ਇਨਫੈਕਸ਼ਨ ਰੋਕੂ ਸਰਗਰਮੀਆਂ ਅਤੇ ਸੰਭਾਵਤ ਡਾਕਟਰੀ ਵਰਤੋਂ ਦੀ ਸਮੀਖਿਆ ਕੀਤੀ ਗਈ ਹੈ।
