ਨੈਸ਼ਨਲ ਮੈਡੀਕਲ ਕਮੀਸ਼ਨ ਦਾ ਵੱਡਾ ਫੈਸਲਾ, ਨੀਟ-ਯੂ. ਜੀ. ਪ੍ਰੀਖਿਆ ਲਈ ਵੱਧ ਤੋਂ ਵੱਧ ਉਮਰ ਹੱਦ ਖ਼ਤਮ

Thursday, Mar 10, 2022 - 09:54 AM (IST)

ਨਵੀਂ ਦਿੱਲੀ (ਭਾਸ਼ਾ)– ਮੈਡੀਕਲ ਦੀ ਪੜ੍ਹਾਈ ਕਰਨ ਦੀ ਚਾਹਤ ਰੱਖਣ ਵਾਲੇ ਵਿਦਿਆਰਥੀਆਂ ਲਈ ਇਕ ਚੰਗੀ ਖਬਰ ਹੈ। ਮੈਡੀਕਲ ਕਾਲਜ ਵਿਚ ਦਾਖਲੇ ਵਾਸਤੇ ਲਈ ਜਾਣ ਵਾਲੀ ਨੀਟ ਯੂ. ਜੀ. ਪ੍ਰੀਖਿਆ ਵਿਚ ਸਾਰੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਵੱਧ ਤੋਂ ਵੱਧ ਉਮਰ ਹੱਦ ਨੂੰ ਖਤਮ ਕਰ ਦਿੱਤਾ ਗਿਆ ਹੈ। ਦੇਸ਼ ’ਚ ਮੈਡੀਕਲ ਐਜੂਕੇਸ਼ਨ ਦੀ ਟਾਪ ਰੈਗੂਲੇਟਰੀ ਬਾਡੀ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨ. ਐੱਮ. ਸੀ.) ਨੇ ਇਹ ਫ਼ੈਸਲਾ ਕੀਤਾ ਹੈ। ਅਜੇ ਤੱਕ ਜਨਰਲ ਕੈਟੇਗਰੀ ਦੇ 25 ਸਾਲ ਤੱਕ ਦੀ ਉਮਰ ਵਾਲੇ ਅਤੇ ਰਿਜ਼ਰਵ ਕੈਟੇਗਰੀ ਦੇ 30 ਸਾਲ ਤੱਕ ਦੀ ਉਮਰ ਵਾਲੇ ਵਿਦਿਆਰਥੀ ਹੀ ਪ੍ਰੀਖਿਆ ’ਚ ਸ਼ਾਮਲ ਹੋ ਸਕਦੇ ਸਨ ਪਰ ਹੁਣ ਇਸ ਉਮਰ ਹੱਦ ਤੋਂ ਵਧ ਦੇ ਵਿਦਿਆਰਥੀ ਵੀ ਐਂਟਰੈਂਸ ਟੈਸਟ ਵਿਚ ਸ਼ਾਮਲ ਹੋ ਸਕਣਗੇ। ਇਸ ਦੀ ਜਾਣਕਾਰੀ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਸਕੱਤਰ ਡਾ. ਪੁਲਕੇਸ਼ ਕੁਮਾਰ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੂੰ ਇਕ ਚਿੱਠੀ ਲਿਖ ਕੇ ਦਿੱਤੀ ਹੈ।

ਇਸ ਚਿੱਠੀ ’ਚ ਦੱਸਿਆ ਗਿਆ ਹੈ ਕਿ ਵੱਧ ਤੋਂ ਵੱਧ ਉਮਰ ਹੱਦ ਨੂੰ ਖਤਮ ਕਰਨ ਦਾ ਫੈਸਲਾ ਪਿਛਲੇ ਸਾਲ ਅਕਤੂਬਰ ’ਚ ਹੋਈ ਐੱਨ. ਐੱਮ. ਸੀ. ਦੀ ਬੈਠਕ ’ਚ ਲੈ ਲਿਆ ਗਿਆ ਸੀ, ਜਿਸ ਨੂੰ ਹੁਣ ਲਾਗੂ ਕੀਤਾ ਜਾ ਰਿਹਾ ਹੈ। ਚਿੱਠੀ ’ਚ ਡਾ. ਕੁਮਾਰ ਨੇ ਐੱਨ. ਟੀ. ਏ. ਨੂੰ ਨੀਟ ਯੂ. ਜੀ. ਦੇ ਸੂਚਨਾ ਬੁਲੇਟਿਨ ਤੋਂ ਵੱਧ ਤੋਂ ਵੱਧ ਉਮਰ ਪੈਮਾਨੇ ਨੂੰ ਹਟਾਉਣ ਲਈ ਕਿਹਾ ਹੈ। ਨੀਟ ਯੂ. ਜੀ. ਪ੍ਰੀਖਿਆ ਲਈ ਉਮਰ ਦੇ ਪੈਮਾਨੇ ’ਤੇ ਅਕਸਰ ਦੇਸ਼ ਦੀ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ’ਚ ਸਵਾਲ ਉਠਾਏ ਜਾਂਦੇ ਰਹੇ ਹਨ। ਇਕ ਅਧਿਕਾਰੀ ਨੇ ਕਿਹਾ ਕਿ ਉਮਰ ਹੱਦ ਪੈਮਾਨਾ ਹਟਾ ਦਿੱਤੇ ਜਾਣ ਨਾਲ ਉਮੀਦਵਾਰ ਹੁਣ ਮੈਡੀਕਲ ਦਾਖਲਾ ਪ੍ਰੀਖਿਆ ’ਚ ਕਈ ਵਾਰ ਅਤੇ ਹੋਰ ਕੋਰਸਾਂ ’ਚ ਦਾਖਲਾ ਲੈਣ ਤੋਂ ਬਾਅਦ ਵੀ ਹਾਜ਼ਰ ਹੋ ਸਕਦੇ ਹਨ। ਇਹ ਕਦਮ ਵਿਦੇਸ਼ ’ਚ ਦਾਖਲੇ ਦੇ ਚਾਹਵਾਨ ਵਿਦਿਆਰਥੀਆਂ ਲਈ ਵੀ ਮਦਦਗਾਰ ਸਾਬਤ ਹੋਵੇਗਾ।

ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਦਾ ਨਤੀਜਾ ਐਲਾਨਿਆ
ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (ਸੀ. ਟੀ. ਈ. ਟੀ.) ਦੇ 15ਵੇਂ ਸੈਸ਼ਨ ਦਾ ਨਤੀਜਾ ਬੁੱਧਵਾਰ ਨੂੰ ਐਲਾਨ ਦਿੱਤਾ ਗਿਆ। ਇਸ ਦੇ ਅੰਕ ਪੱਤਰ ਅਤੇ ਸਰਟੀਫਿਕੇਟ ਛੇਤੀ ਹੀ ਡਿਜੀਲਾਕਰ ’ਤੇ ਅਪਲੋਡ ਕਰ ਦਿੱਤੇ ਜਾਣਗੇ ਅਤੇ ਉਮੀਦਵਾਰ ਮੋਬਾਇਲ ਨੰਬਰ ਦੀ ਵਰਤੋਂ ਕਰਦੇ ਹੋਏ ਇਸ ਨੂੰ ਡਾਊਨਲੋਡ ਕਰ ਸਕਦੇ ਹਨ। ਸੀ. ਬੀ. ਐੱਸ. ਈ. ਨੇ 16 ਦਸੰਬਰ ਤੋਂ 21 ਜਨਵਰੀ ਤੱਕ ਸੀ. ਟੀ. ਈ. ਟੀ. ਪ੍ਰੀਖਿਆ ਆਯੋਜਿਤ ਕੀਤੀ ਸੀ। ਪ੍ਰੀਖਿਆਰਥੀ ਸੀ. ਟੀ. ਈ. ਟੀ. ਅਤੇ ਸੀ. ਬੀ. ਐੱਸ. ਈ. ਦੀ ਵੈੱਬਸਾਈਟ ’ਤੇ ਨਤੀਜਾ ਵੇਖ ਸਕਦੇ ਹਨ।


DIsha

Content Editor

Related News