''''ਪਲੀਜ਼ ਸਰ..!'''' 5 ਮਿੰਟਾਂ ਦੀ ਦੇਰ ਨੇ ਡੋਬ''ਤਾ ਪੂਰਾ ਸਾਲ, NEET ਵਿਦਿਆਰਥਣਾਂ ਦਾ ਰੋ-ਰੋ ਹੋਇਆ ਬੁਰਾ ਹਾਲ
Sunday, Jun 21, 2026 - 05:34 PM (IST)
ਨੈਸ਼ਨਲ ਡੈਸਕ- ਪੇਪਰ ਲੀਕ ਵਿਵਾਦ ਮਗਰੋਂ ਜਦੋਂ ਨੈਸ਼ਨਲ ਟੈਸਟਿੰਗ ਅਕੈਡਮੀ (NTA) ਨੇ ਪਹਿਲਾਂ ਹੋਈ ਪ੍ਰੀਖਿਆ ਨੂੰ ਰੱਦ ਕਰ ਕੇ 21 ਜੂਨ ਨੂੰ ਦੁਬਾਰਾ ਪ੍ਰੀਖਿਆ ਕਰਵਾਉਣ ਦਾ ਐਲਾਨ ਕੀਤਾ ਤਾਂ ਲੱਖਾਂ ਵਿਦਿਆਰਥੀਆਂ ਨੇ ਸੁੱਖ ਦਾ ਸਾਹ ਲਿਆ। ਅੱਜ ਜਦੋਂ ਪੂਰੇ ਦੇਸ਼ 'ਚ ਇਹ ਪ੍ਰੀਖਿਆ ਸਖ਼ਤ ਸੁਰੱਖਿਆ ਤਹਿਤ ਹੋ ਰਹੀ ਹੈ ਤਾਂ ਇਸੇ ਦੌਰਾਨ ਬੈਂਗਲੁਰੂ ਦੇ ਇੱਕ ਪ੍ਰੀਖਿਆ ਕੇਂਦਰ ਤੋਂ ਬੇਹੱਦ ਭਾਵੁਕ ਤਸਵੀਰਾਂ ਸਾਹਮਣੇ ਆਈਆਂ ਹਨ। ਇੱਥੇ ਨਿਰਧਾਰਿਤ ਸਮੇਂ ਤੋਂ ਕੁਝ ਮਿੰਟ ਦੇਰੀ ਨਾਲ ਪਹੁੰਚਣ ਕਾਰਨ ਕਈ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਹਨੇਰੇ 'ਚ ਜਾਂਦਾ ਦਿਖਾਈ ਦੇਣ ਲੱਗਾ ਤੇ ਉਹ ਪ੍ਰੀਖਿਆ ਕੇਂਦਰ ਦੇ ਗੇਟ ਦੇ ਬਾਹਰ ਹੀ ਰੋਣ ਲੱਗ ਪਏ।
ਰਿਪੋਰਟਾਂ ਮੁਤਾਬਕ, ਨੈਸ਼ਨਲ ਟੈਸਟਿੰਗ ਏਜੰਸੀ (NTA) ਦੇ ਸਖ਼ਤ ਨਿਯਮਾਂ ਕਾਰਨ ਗੇਟ ਬੰਦ ਹੋਣ ਦੇ ਤੈਅ ਸਮੇਂ ਤੋਂ ਬਾਅਦ ਪਹੁੰਚੇ ਵਿਦਿਆਰਥੀਆਂ ਨੂੰ ਐਂਟਰੀ ਨਹੀਂ ਦਿੱਤੀ ਗਈ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸੁਰੱਖਿਆ ਕਰਮਚਾਰੀਆਂ ਅਤੇ ਪ੍ਰਬੰਧਕਾਂ ਅੱਗੇ ਹੱਥ ਜੋੜ ਕੇ ਮਿੰਨਤਾਂ ਕੀਤੀਆਂ, ਪਰ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਗੇਟ ਨਹੀਂ ਖੋਲ੍ਹੇ ਗਏ। ਐਂਟਰੀ ਨਾ ਮਿਲਣ ਕਾਰਨ ਪ੍ਰੀਖਿਆ ਕੇਂਦਰ ਦੇ ਬਾਹਰ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ ਤੇ ਵਿਦਿਆਰਥੀ ਬੇਹੱਦ ਭਾਵੁਕ ਹੋ ਗਏ। ਰੋ ਰਹੇ ਵਿਦਿਆਰਥੀਆਂ ਨੇ ਕਿਹਾ ਕਿ ਟ੍ਰੈਫਿਕ ਦੀ ਸਮੱਸਿਆ ਕਾਰਨ ਉਹ ਸਿਰਫ਼ 5 ਕੁ ਮਿੰਟ ਹੀ ਲੇਟ ਹੋਏ ਸਨ, ਪਰ ਸਖ਼ਤ ਨਿਯਮਾਂ ਕਾਰਨ ਉਨ੍ਹਾਂ ਦਾ ਪੂਰਾ ਸਾਲ ਅਤੇ ਮਿਹਨਤ ਬਰਬਾਦ ਹੋ ਗਈ।
Bengaluru, Karnataka: Students are seen crying after arriving late at the NEET examination centre pic.twitter.com/TYug1N9lep
— IANS (@ians_india) June 21, 2026
ਪ੍ਰੀਖਿਆ ਕੇਂਦਰ ਦੇ ਬਾਹਰ ਮੌਜੂਦ ਵਿਦਿਆਰਥੀਆਂ ਦੇ ਮਾਪਿਆਂ ਨੇ ਪ੍ਰਸ਼ਾਸਨ ਦੇ ਇਸ ਅੜੀਅਲ ਵਤੀਰੇ 'ਤੇ ਗੁੱਸਾ ਜ਼ਾਹਿਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਨੀਟ ਪ੍ਰੀਖਿਆ ਵਿਵਾਦਾਂ 'ਚ ਰਹੀ ਹੈ ਅਤੇ ਹੁਣ ਬੱਚਿਆਂ ਦੇ ਭਵਿੱਖ ਨਾਲ ਇਸ ਤਰ੍ਹਾਂ ਖਿਲਵਾੜ ਕਰਨਾ ਬੇਹੱਦ ਗਲਤ ਹੈ। ਪ੍ਰੀਖਿਆ ਕੇਂਦਰਾਂ ਦੇ ਬਾਹਰ ਰੋ ਰਹੇ ਵਿਦਿਆਰਥੀਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਭਾਵੁਕ ਹੋ ਰਿਹਾ ਹੈ ਕਿ ਕਿਵੇਂ ਕੁਝ ਕੁ ਪਲਾਂ ਦੀ ਦੇਰੀ ਨੇ ਇਨ੍ਹਾਂ ਵਿਦਿਆਰਥੀਆਂ ਦਾ ਪੂਰਾ ਸਾਲ ਬਰਬਾਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
