ਨੀਰਜ ਚੋਪੜਾ ਨੇ ਦਾਜ ਖਿਲਾਫ਼ ਪੇਸ਼ ਕੀਤੀ ਮਿਸਾਲ, ਸ਼ਗਨ ''ਚ ਲਏ ਬਸ ਇੰਨੇ ਰੁਪਏ

Tuesday, Jan 21, 2025 - 05:40 PM (IST)

ਨੀਰਜ ਚੋਪੜਾ ਨੇ ਦਾਜ ਖਿਲਾਫ਼ ਪੇਸ਼ ਕੀਤੀ ਮਿਸਾਲ, ਸ਼ਗਨ ''ਚ ਲਏ ਬਸ ਇੰਨੇ ਰੁਪਏ

ਪਾਨੀਪਤ- ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ,ਹਿਮਾਨੀ ਮੋਰ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਨੀਰਜ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸਟਾਰ ਖਿਡਾਰੀ ਹੋਣ ਦੇ ਬਾਵਜੂਦ ਨੀਰਜ ਦੇ ਪ੍ਰਸ਼ੰਸਕ ਵੀ ਸਾਦੇ ਢੰਗ ਨਾਲ ਵਿਆਹ ਕਰਾਉਣ ਅਤੇ ਚਮਕ-ਦਮਕ ਤੋਂ ਦੂਰ ਰਹਿਣ ਤੋਂ ਕਾਫੀ ਪ੍ਰਭਾਵਿਤ ਹੋਏ ਹਨ। ਇਕ ਰਿਪੋਰਟ ਮੁਤਾਬਕ ਜਲਦ ਹੀ ਦੋਵੇਂ ਗ੍ਰੈਂਡ ਰਿਸੈਪਸ਼ਨ ਦੇਣਗੇ।

ਨੀਰਜ ਦੇ ਚਾਚਾ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਇਹ ਵਿਆਹ ਦਾਜ ਤੋਂ ਬਿਨਾਂ ਹੋਇਆ ਅਤੇ ਨੀਰਜ ਨੇ ਸ਼ਗਨ ਵਜੋਂ ਸਿਰਫ਼ ਇਕ ਰੁਪਿਆ ਲਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਵਿਆਹ ਨੂੰ ਗੁਪਤ ਕਿਉਂ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਬਿਨਾਂ ਕਿਸੇ ਰੌਲੇ-ਰੱਪੇ ਦੇ ਵਿਆਹ ਵਿਚ ਸਿਰਫ਼ ਨਿੱਜੀ ਲੋਕ ਹੀ ਸ਼ਾਮਲ ਹੋਣ। ਨੀਰਜ ਅਤੇ ਹਿਮਾਨੀ ਦੇ ਪਰਿਵਾਰ ਨੇ ਸਪੱਸ਼ਟ ਕੀਤਾ ਕਿ ਇਹ ਵਿਆਹ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ ਹੈ। ਦਰਅਸਲ ਪ੍ਰਸ਼ੰਸਕ ਇਹ ਜਾਣਨ ਲਈ ਉਤਸੁਕ ਸਨ ਕਿ ਇਹ ਵਿਆਹ ਪ੍ਰੇਮ ਹੈ ਜਾਂ ਅਰੇਂਜ। ਹਿਮਾਨੀ ਦੀ ਮਾਂ ਨੇ ਦੱਸਿਆ ਕਿ ਦੋਵੇਂ ਪਰਿਵਾਰ ਇਕ ਦੂਜੇ ਨੂੰ 7-8 ਸਾਲਾਂ ਤੋਂ ਜਾਣਦੇ ਹਨ। ਨੀਰਜ ਅਤੇ ਹਿਮਾਨੀ ਦੀ ਸਹਿਮਤੀ ਤੋਂ ਬਾਅਦ ਵਿਆਹ ਤੈਅ ਕੀਤਾ ਗਿਆ।

ਵਿਆਹ ਤੋਂ ਬਾਅਦ ਨੀਰਜ ਅਤੇ ਹਿਮਾਨੀ ਅਮਰੀਕਾ ਚਲੇ ਗਏ। ਹਿਮਾਨੀ ਦੀ ਮਾਂ ਨੇ ਦੱਸਿਆ ਕਿ ਹਿਮਾਨੀ ਨੌਕਰੀ ਦੇ ਨਾਲ-ਨਾਲ ਅਮਰੀਕਾ ਵਿਚ ਪੜ੍ਹਾਈ ਵੀ ਕਰ ਰਹੀ ਹੈ। ਦਰਅਸਲ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਦੇ ਚਲਦੇ ਇਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 20 ਜਨਵਰੀ ਤੋਂ ਪਹਿਲਾਂ ਉੱਥੇ ਪਹੁੰਚਣਾ ਹੋਵੇਗਾ। ਇਸ ਕਾਰਨ ਦੋਵੇਂ ਅਮਰੀਕਾ ਚਲੇ ਗਏ ਹਨ।


author

Tanu

Content Editor

Related News