ਊਧਵ ਠਾਕਰੇ ਧੜੇ ਨੂੰ ਝਟਕਾ, ਇਕ ਹੋਰ ਵਿਧਾਨ ਕੌਂਸਲ ਦਾ ਮੈਂਬਰ ਹੱਥੋਂ ਨਿਕਲਿਆ
Saturday, Jul 08, 2023 - 02:20 PM (IST)
ਮੁੰਬਈ, (ਏਜੰਸੀਆਂ)- ਮਹਾਰਾਸ਼ਟਰ ’ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਤੋਂ ਸ਼ੁਰੂ ਹੋਇਆ ਸਿਆਸੀ ਡਰਾਮਾ ਹੁਣ ਸ਼ਿਵਸੈਨਾ ਦਾ ਰੁਖ਼ ਕਰ ਚੁੱਕਿਆ ਹੈ। ਸ਼ੁੱਕਰਵਾਰ ਨੂੰ ਹੀ ਵਿਧਾਨ ਕੌਂਸਲ (ਐੱਮ. ਐੱਲ. ਸੀ.) ਦੀ ਮੈਂਬਰ ਨੀਲਮ ਗੋਰੇ ਨੇ ਊਧਵ ਠਾਕਰੇ ਦਾ ਸਾਥ ਛੱਡ ਦਿੱਤਾ। ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਮੌਜਦੂਗੀ ’ਚ ਉਨ੍ਹਾਂ ਨੇ ਸ਼ਿਵਸੈਨਾ ’ਚ ਐਂਟਰੀ ਲਈ ਹੈ। ਖਾਸ ਗੱਲ ਹੈ ਕਿ ਇਹ ਸਭ ਅਜਿਹੇ ਸਮੇਂ ’ਤੇ ਹੋ ਰਿਹਾ ਹੈ, ਜਦੋਂ ਰਾਜ ਸਭਾ ਮੈਂਬਰ ਸੰਜੈ ਰਾਊਤ ਸ਼ਿੰਦੇ ਸੈਨਾ ’ਚ ਫੁੱਟ ਦਾ ਦਾਅਵਾ ਕਰ ਰਹੇ ਹਨ।
ਗੋਰੇ ਦੇ ਨਾਲ ਹੀ ਪਾਰਟੀ ਬਦਲਣ ਵਾਲੇ ਐੱਮ. ਐੱਲ. ਸੀ. ਦੀ ਗਿਣਤੀ 3 ’ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਮਨੀਸ਼ਾ ਕਾਇੰਦੇ ਅਤੇ ਵਿਪਲਵ ਬਜਰੀਆ ਊਧਵ ਦਾ ਸਾਥ ਛੱਡ ਕੇ ਸ਼ਿੰਦੇ ਸੈਨਾ ’ਚ ਸ਼ਾਮਲ ਹੋ ਗਏ ਸਨ। ਇਕ ਸਾਲ ਦੇ ਵਕਫੇ ’ਚ ਕਈ ਕੌਂਸਲਰਾਂ ਅਤੇ ਵਰਕਰਾਂ ਨੇ ਵੀ ਸ਼ਿਵਸੈਨਾ ਦਾ ਪੱਲਾ ਫੜ੍ਹਿਆ ਹੈ।
ਉਥੇ ਹੀ ਰਾਊਤ ਦਾਅਵਾ ਕਰ ਰਹੇ ਸਨ ਕਿ ਸ਼ਿੰਦੇ ਧੜੇ ਦੇ 17-18 ਵਿਧਾਇਕ ਉਨ੍ਹਾਂ ਨਾਲ ਸੰਪਰਕ ’ਚ ਹਨ। ਹਾਲਾਂਕਿ, ਇਸ ਨੂੰ ਲੈ ਕੇ ਸ਼ਿਵਸੈਨਾ ਵੱਲੋਂ ਅਧਿਕਾਰਕ ਤੌਰ ’ਤੇ ਕੁਝ ਨਹੀਂ ਕਿਹਾ ਗਿਆ। ਰਾਊਤ ਨੇ ਕਿਹਾ ਸੀ, ‘‘ਅਸੀਂ ਇਹ ਨਹੀਂ ਕਹਿ ਰਹੇ ਕਿ ਉਹ ਸਾਡੇ ਕੋਲ ਆ ਰਹੇ ਹਨ ਪਰ ਬੀਤੇ ਇਕ ਹਫ਼ਤੇ ਤੋਂ ਸਾਡੇ ਨਾਲ ਸੰਪਰਕ ਕਰ ਰਹੇ ਹਨ ਅਤੇ ਨਾਰਾਜ਼ਗੀ ਪ੍ਰਗਟਾ ਰਹੇ ਹਨ। ਅਜੇ ਵੀ 4 ਵਿਧਾਇਕਾਂ ਨੇ ਮੈਨੂੰ ਕਾਲ ਕੀਤੀ ਸੀ।
ਸ਼ਿੰਦੇ-ਫੜਨਵੀਸ ਦੀ ਦੇਰ ਰਾਤ ਬੈਠਕ, ਸ਼ਰਦ ਧੜੇ ਨੇ ਕਿਹਾ- ਸ਼ਿਵਸੈਨਾ ਵਿਧਾਇਕਾਂ ’ਚ ਨਾਰਾਜ਼ਗੀ ਸਾਬਤ ਹੋਈ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਪਾਰਟੀ ਵਿਧਾਇਕਾਂ ’ਚ ਅਸੰਤੋਸ਼ ਦਰਮਿਆਨ ਉਪ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਦੇਵੇਂਦਰ ਫੜਨਵੀਸ ਨਾਲ ਵੀਰਵਾਰ ਦੇਰ ਰਾਤ ਮੁਲਾਕਾਤ ਕੀਤੀ। ਸੂਤਰਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਅਜੀਤ ਪਵਾਰ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ 8 ਵਿਧਾਇਕਾਂ ਨੂੰ ਸੂਬੇ ਦੀ ਕੈਬਨਿਟ ’ਚ ਸ਼ਾਮਲ ਕੀਤੇ ਜਾਣ ਨਾਲ ਸ਼ਿਵਸੈਨਾ ਵਿਧਾਇਕਾਂ ਦੇ ਅਸਹਿਜ ਹੋਣ ਦੀਆਂ ਖਬਰਾਂ ਦਾ ਸ਼ਿੰਦੇ ਵੱਲੋਂ ਖੰਡਨ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਇਹ ਬੈਠਕ ਹੋਈ। ਸ਼ਿੰਦੇ ਨੇ ਦਾਅਵਾ ਕੀਤਾ ਕਿ ਉਹ 2024 ਤੱਕ ਮੁੱਖ ਮੰਤਰੀ ਬਣੇ ਰਹਿਣਗੇ। ਦੋਵਾਂ ਨੇਤਾਵਾਂ ਦੀ ਦੇਰ ਰਾਤ ਹੋਈ ਬੈਠਕ ਬਾਰੇ ’ਚ ਸ਼ਰਦ ਪਵਾਰ ਦੀ ਅਗਵਾਈ ਵਾਲੇ ਰਾਕਾਂਪਾ ਧੜੇ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਕੈਬਨਿਟ ’ਚ ਰਾਕਾਂਪਾ ਵਿਧਾਇਕਾਂ ਨੂੰ ਸ਼ਾਮਲ ਕੀਤੇ ਜਾਣ ਨਾਲ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵਸੈਨਾ ਅਤੇ ਭਾਜਪਾ ਦੀ ਸੂਬਾ ਇਕਾਈ ’ਚ ਅਸੰਤੋਸ਼ ਹੈ।