ਰਾਜਗ ਬਹੁਮਤ ਦੇ ਪਾਰ ਪਰ ਸੱਤਾ ਦੀ ਭਾਈਵਾਲੀ ''ਚ ਨਾਇਡੂ-ਨਿਤੀਸ਼ ਦੀ ਅਹਿਮ ਭੂਮਿਕਾ

06/05/2024 10:24:38 AM

ਨਵੀਂ ਦਿੱਲੀ (ਏਜੰਸੀਆਂ)- 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੇ 291 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ ਪਰ ਹੁਣ ਸੱਤਾ ਦੀ ਭਾਈਵਾਲੀ ਵਿਚ ਚੰਦਰਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ਦਾ ਅਹਿਮ ਰੋਲ ਹੋਵੇਗਾ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਭਾਜਪਾ ਆਪਣੇ ਦਮ ’ਤੇ ਬਹੁਮਤ ਦੇ ਅੰਕੜੇ ਨੂੰ ਛੂਹ ਨਹੀਂ ਸਕੀ। ਭਾਜਪਾ ਸਿਰਫ਼ 240 ਸੀਟਾਂ ਹੀ ਜਿੱਤ ਸਕੀ ਹੈ। ਇਸ ਵਾਰ ਉਸ ਨੂੰ ਪਹਿਲਾਂ ਦੇ ਮੁਕਾਬਲੇ 63 ਸੀਟਾਂ ਦਾ ਨੁਕਸਾਨ ਹੋਇਆ ਹੈ। ਉਥੇ ਹੀ ਉਸ ਦੀ ਸਹਿਯੋਗੀ ਪਾਰਟੀ ਤੇਲਗੂ ਦੇਸ਼ਮ ਨੂੰ 16, ਜਨਤਾ ਦਲ (ਯੂ) ਨੂੰ 12, ਸ਼ਿਵ ਸੈਨਾ (ਐੱਸ) ਨੂੰ 7, ਐੱਲ. ਜੇ. ਪੀ (ਆਰ.ਪੀ.) ਨੂੰ 5 ਅਤੇ ਹੋਰ ਸਹਿਯੋਗੀ ਪਾਰਟੀਆਂ ਨੂੰ 11 ਸੀਟਾਂ ਮਿਲੀਆਂ ਹਨ। ਉਥੇ ਹੀ ਉਹ ਹੋਰ ਦੋ ਕਿਸੇ ਗੱਠਜੋੜ ਦਾ ਹਿੱਸਾ ਨਹੀਂ ਹਨ, ਉਹ 18 ਸੀਟਾਂ ਜਿੱਤਣ ਵਿਚ ਕਾਮਯਾਬ ਰਹੇ, ਜਿਨ੍ਹਾਂ ਵਿਚ ਅਕਾਲੀ ਦਲ ਬਾਦਲ ਦੀ ਨੇਤਾ ਹਰਸਿਮਰਤ ਕੌਰ ਅਤੇ ਜੇਲ ਤੋਂ ਚੋਣ ਲੜ ਰਹੇ ਖਾਲਿਸਤਾਨ ਹਮਾਇਤੀ ਅੰਮ੍ਰਿਤਪਾਲ ਸਿੰਘ ਮੁੱਖ ਹਨ।

4 ਸੂਬਿਆਂ ਨੇ ਤੋੜਿਆ 400 ਪਾਰ ਦਾ ਸੁਪਨਾ

ਭਾਜਪਾ ਨੇ ਆਪਣੀ ਚੋਣ ਮੁਹਿੰਮ ਦੌਰਾਨ ‘ਐੱਨ. ਡੀ. ਏ. 400 ਪਾਰ’ ਦਾ ਨਾਅਰਾ ਦਿੱਤਾ ਸੀ। ਹਾਲਾਂਕਿ ਨਤੀਜਿਆਂ ਤੋਂ ਪਹਿਲਾਂ ਆਏ ਚੋਣ ਸਰਵੇਖਣਾਂ ’ਚ ਅਜਿਹਾ ਲੱਗ ਰਿਹਾ ਸੀ ਕਿ ਐੱਨ. ਡੀ. ਏ. ਇਸ ਵਾਰ 400 ਪਾਰ ਕਰ ਜਾਵੇਗੀ ਪਰ ਅਜਿਹਾ ਹੋਇਆ ਨਹੀਂ। ਐੱਨ. ਡੀ. ਏ. ਦੇ 400 ਪਾਰ ਦੇ ਸੁਪਨੇ ਨੂੰ ਜਿਨ੍ਹਾਂ ਸੂਬਿਆਂ ਨੇ ਚਕਨਾਚੂਰ ਕੀਤਾ, ਉਨ੍ਹਾਂ ’ਚ ਯੂ. ਪੀ. ਸਮੇਤ 4 ਸੂਬੇ ਸ਼ਾਮਲ ਹਨ, ਜੋ ਹੇਠਾਂ ਦੱਸੇ ਹਨ-

ਉੱਤਰ ਪ੍ਰਦੇਸ਼

ਉੱਤਰ ਪ੍ਰਦੇਸ਼ ਦੀ 80 ਲੋਕ ਸਭਾ ਸੀਟਾਂ ’ਤੇ ਦੇਸ਼ ਹੀ ਨਹੀਂ, ਦੁਨੀਆ ਦੀਆਂ ਵੀ ਨਜ਼ਰਾਂ ਟਿਕੀਆਂ ਹੋਈਆਂ ਸਨ ਕਿਉਂਕਿ ਸੀਟਾਂ ਦੇ ਲਿਹਾਜ਼ ਨਾਲ ਇਹ ਭਾਰਤ ਦਾ ਸਭ ਤੋਂ ਵੱਡਾ ਸੂਬਾ ਹੈ ਅਤੇ ਇਸ ਨੂੰ ਜਿੱਤੇ ਬਿਨਾ ਦਿੱਲੀ ਦੀ ਸੱਤਾ ’ਤੇ ਕਾਬਜ਼ ਹੋਣਾ ਲਗਭਗ ਨਾ-ਮੁਮਕਿਨ ਹੁੰਦਾ ਹੈ। ਇਸ ਵਾਰ ਦੀਆਂ ਚੋਣਾਂ ’ਚ ਜੇ ਕਿਸੇ ਸੂਬੇ ’ਚ ਭਾਜਪਾ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ ਤਾਂ ਉਹ ਹੈ ਉੱਤਰ ਪ੍ਰਦੇਸ਼। 2014 ਅਤੇ 2019 ’ਚ ਭਾਰੀ ਜਿੱਤ ਤੋਂ ਬਾਅਦ 2024 ’ਚ ਭਾਜਪਾ ਸਿਰਫ 37 ਸੀਟਾਂ ’ਤੇ ਹੀ ਸਿਮਟ ਗਈ ਹੈ ਜਦਕਿ ਇੰਡੀ ਗੱਠਜੋੜ ਨੇ 42 ਸੀਟਾਂ ’ਤੇ ਆਪਣਾ ਕਬਜ਼ਾ ਕੀਤਾ ਹੈ। ਪਿਛਲੀਆਂ ਚੋਣਾਂ ’ਚ ਐੱਨ. ਡੀ. ਏ. ਨੇ 64 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਇਸ ਵਾਰ ਐੱਨ. ਡੀ. ਏ. ਨੂੰ ਇਸ ਸੂਬੇ ’ਚ ਹੀ 27 ਸੀਟਾਂ ਦਾ ਨੁਕਸਾਨ ਹੋਇਆ ਹੈ।

ਮਹਾਰਾਸ਼ਟਰ

ਐੱਨ. ਡੀ. ਏ. ਨੇ ਮਹਾਰਾਸ਼ਟਰ ’ਚ ਵੱਡੀ ਜਿੱਤ ਦਾ ਦਾਅਵਾ ਕੀਤਾ ਸੀ ਪਰ ਇਸ ਵਾਰ ਉਨ੍ਹਾਂ ਦਾ ਇਹ ਦਾਅਵਾ ਸਹੀ ਸਾਬਤ ਨਹੀਂ ਹੋਇਆ। 2019 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਇਸ ਸੂਬੇ ’ਚ ਐੱਨ. ਡੀ. ਏ. ਨੂੰ 41 ਸੀਟਾਂ ’ਤੇ ਜਿੱਤ ਮਿਲੀ ਸੀ ਪਰ ਇਸ ਵਾਰ ਇਥੇ ਐੱਨ. ਡੀ. ਏ. ਨੇ 21 ਅਤੇ ਮਹਾਵਿਕਾਸ ਅਘਾੜੀ ਨੇ 25 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਭਾਜਪਾ ਨੇ 15 ਅਤੇ ਸ਼ਿੰਦੇ ਧੜੇ ਨੇ 6 ਸੀਟਾਂ ਜਿੱਤੀਆਂ ਹਨ। ਉੱਧਰ ਮਹਾਵਿਕਾਸ ਅਘਾੜੀ ’ਚ ਕਾਂਗਰਸ 7, ਸ਼ਿਵ ਸੈਨਾ ਊਧਵ ਧੜੇ ਨੇ 10 ਅਤੇ ਐੱਨ. ਸੀ. ਪੀ. (ਸ਼ਰਦ ਚੰਦਰ) ਨੇ 8 ਸੀਟਾਂ ਜਿੱਤੀਆਂ ਹਨ। ਇਸੇ ਤਰ੍ਹਾਂ ਨਾਲ ਪਿਛਲੀਆਂ ਚੋਣਾਂ ਦੇ ਮੁਕਾਬਲੇ ਐੱਨ. ਡੀ. ਏ. ਨੂੰ 16 ਸੀਟਾਂ ਦਾ ਨੁਕਸਾਨ ਝੱਲਣਾ ਪਿਆ।

ਰਾਜਸਥਾਨ

ਰਾਜਸਥਾਨ ਦੀਆਂ 25 ਸੀਟਾਂ ’ਚੋਂ ਭਾਜਪਾ ਨੇ 14 ਅਤੇ ਕਾਂਗਰਸ ਨੇ 8 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ ਜਦਕਿ 3 ਸੀਟਾਂ ਹੋਰਨਾਂ ਦੇ ਖਾਤੇ ’ਚ ਗਈਆਂ ਹਨ। ਜੇ 2019 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਭਾਜਪਾ ਨੇ ਇਥੇ 25 ਸੀਟਾਂ ਜਿੱਤ ਕੇ ਕਲੀਨ ਸਵੀਪ ਕੀਤਾ ਸੀ। ਇਸ ਲਿਹਾਜ਼ ਨਾਲ ਭਾਜਪਾ ਨੂੰ ਇਥੇ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ’ਚ ਲੱਗਭਗ 11 ਸੀਟਾਂ ਦਾ ਨੁਕਸਾਨ ਹੋਇਆ ਹੈ।

ਹਰਿਆਣਾ

ਹਰਿਆਣਾ ’ਚ ਹਾਲਾਂਕਿ ਭਾਜਪਾ ਅਤੇ ਕਾਂਗਰਸ 5 ਸੀਟਾਂ ਜਿੱਤ ਕੇ ਬਰਾਬਰੀ ’ਤੇ ਹੈ ਪਰ ਜੇ ਅਸੀਂ ਗੱਲ ਕਰੀਏ ਪਿਛਲੀਆਂ ਲੋਕ ਸਭਾ ਚੋਣਾਂ ਦੀ ਤਾਂ ਇਸ ’ਚ ਭਾਜਪਾ ਨੇ ਸਾਰੀਆਂ ਸੀਟਾਂ ’ਤੇ ਜਿੱਤ ਹਾਸਲ ਕਰ ਕੇ ਕਾਂਗਰਸ ਦਾ ਸੂਪੜਾ ਸਾਫ ਕਰ ਦਿੱਤਾ ਸੀ ਪਰ 2024 ਦੀਆਂ ਚੋਣਾਂ ’ਚ ਉਸ ਨੂੰ 5 ਸੀਟਾਂ ਦਾ ਨੁਕਸਾਨ ਝੱਲਣਾ ਪਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


DIsha

Content Editor

Related News