ਜੰਮੂ-ਕਸ਼ਮੀਰ ’ਚ ਨਸ਼ੀਲੀਆਂ ਦਵਾਈਆਂ ਦੇ ਖ਼ਤਰੇ ਨੂੰ ਦੂਰ ਕਰਨ ’ਚ ਅਹਿਮ ਭੂਮਿਕਾ ਨਿਭਾ ਸਕਦੈ NCC: ਉਪਰਾਜਪਾਲ
Monday, Jan 31, 2022 - 07:05 PM (IST)
ਜੰਮੂ– ਜੰਮੂ-ਕਸ਼ਮੀਰ ਦੇ ਉਪਰਾਜਪਾਲ ਮਨੋਜ ਸਿਨਹਾ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰੀ ਕੈਡੇਟ ਕੋਰ (ਐੱਨ.ਸੀ.ਸੀ.) ਜੰਮੂ-ਕਸ਼ਮੀਰ ’ਚ ਨਸ਼ੀਲੀਆਂ ਦਵਾਈਆਂ ਦੀ ਸਮੱਸਿਆ ਨੂੰ ਖ਼ਤਮ ਕਰਨ ’ਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਨਵੀਂ ਦਿੱਲੀ ’ਚ ਗਣਤੰਤਰ ਦਿਵਸ ਪਰੇਡ ’ਚ ਭਾਗ ਲੈਣ ਵਾਲੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਐੱਨ.ਸੀ.ਸੀ. ਕੈਡੇਟਾਂ ਦੀਆਂ ਟੁਕੜੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਸਿਨਹਾ ਨੇ ਖਾਸਕਰਕੇ ਕੋਵਿਡ-19 ਦੀ ਔਖੀ ਘੜੀ ਦੌਰਾਨ ਐੱਨ.ਸੀ.ਸੀ. ਕੈਡੇਟ ਦੀਆਂ ਸੇਵਾਵਾਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਸਿਨਹਾ ਨੇ ਕਿਹਾ, ‘ਸਾਡੀ ਕੋਸ਼ਿਸ਼ ਨਾ ਸਿਰਫ਼ ਪਿੰਡਾਂ ਦੇ ਨੌਜਵਾਨਾਂ ਨੂੰ ਫੌਜ ’ਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਨ ਦੀ ਹੈ ਸਗੋਂ ਉਨ੍ਹਾਂ ’ਚ ਭਾਈਚਾਰਕ ਸਾਂਝ, ਅਨੁਸ਼ਾਸਨ, ਰਾਸ਼ਟਰੀ ਏਕਤਾ ਅਤੇ ਨਿਰਸਵਾਰਥ ਸੇਵਾਵਾਂ ਦੀਆਂ ਕਦਰਾਂ-ਕੀਮਤਾਂ ਨੂੰ ਵੀ ਉਭਾਰਿਆ ਜਾਵੇਗਾ।’ ਸਿਨਹਾ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਐੱਨ.ਸੀ.ਸੀ. ਕੈਡੇਟ ਨੇ ਉਦਾਹਰਣ ਦੇ ਤੌਰ ’ਤੇ ਕੋਵਿਡ-19 ’ਤੇ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਟੀਕਾਕਰਨ ਪ੍ਰੋਗਰਾਮ ਦੌਰਾਨ ਸੌਂਪੇ ਗਏ ਮਿਸ਼ਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਰਗੀਆਂ ਗਤੀਵਿਧੀਆਂ ਦੀ ਅਗਵਾਈ ਕੀਤੀ।