ਨਕਸਲੀਆਂ ਨਾਲ ਮੁਕਾਬਲੇ 'ਚ CRPF ਦਾ ਜਵਾਨ ਸ਼ਹੀਦ, ਇਕ ਜ਼ਖਮੀ

Friday, Apr 05, 2019 - 10:07 AM (IST)

ਰਾਏਪੁਰ— ਛੱਤੀਸਗੜ੍ਹ ਦੇ ਨਕਸਲਵਾਦ ਪ੍ਰਭਾਵਿਤ ਧਮਤਰੀ ਜ਼ਿਲੇ 'ਚ ਕੇਂਦਰੀ ਰਿਜ਼ਰਵ ਪੁਲਸ ਫੋਰਸ ਅਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ 'ਚ ਫੋਰਸ ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦੋਂ ਕਿ ਇਕ ਹੋਰ ਜ਼ਖਮੀ ਹੋ ਗਿਆ। ਰਾਜ ਦੇ ਸੀਨੀਅਰ ਪੁਲਸ ਅਧਿਕਾਰੀਆਂ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਧਮਤਰੀ ਜ਼ਿਲੇ ਦੇ ਖੱਲਾਰੀ ਅਤੇ ਬੋਰਾਈ ਥਾਣਾ ਖੇਤਰ ਦੇ ਮੱਧ ਚਮੇਦਾ ਪਿੰਡ ਦੇ ਜੰਗਲ 'ਚ ਸੁਰੱਖਿਆ ਫੋਰਸ ਅਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ 'ਚ ਸੀ.ਆਰ.ਪੀ.ਐੱਫ. ਦੀ 211ਵੀਂ ਬਟਾਲੀਅਨ ਦੇ ਹੌਲਦਾਰ ਹਰੀਸ਼ ਚਾਂਦ ਸ਼ਹੀਦ ਹੋ ਗਏ, ਜਦੋਂ ਕਿ ਸਿਪਾਹੀ ਸੁਧੀਰ ਕੁਮਾਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਖੱਲਾਰੀ ਥਾਣਾ ਖੇਤਰ 'ਚ ਸੀ.ਆਰ.ਪੀ.ਐੱਫ. ਦੇ ਦਲ ਨੂੰ ਇਸ ਮਹੀਨੇ ਦੀ 3 ਤਾਰੀਕ ਨੂੰ ਗਸ਼ਤ ਲਈ ਰਵਾਨਾ ਕੀਤਾ ਗਿਆ ਸੀ। ਅੱਜ ਜਦੋਂ ਜਵਾਨ ਖੱਲਾਰੀ ਅਤੇ ਬੋਰਾਈ ਥਾਣਾ ਖੇਤਰ ਦੇ ਮੱਧ ਚਮੇਦਾ ਪਿੰਡ ਦੇ ਜੰਗਲ 'ਚ ਸਨ, ਉਦੋਂ ਨਕਸਲੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਫੋਰਸਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਜਵਾਬੀ ਕਾਰਵਾਈ ਤੋਂ ਬਾਅਦ ਨਕਸਲੀ ਉੱਥੋਂ ਫਰਾਰ ਹੋ ਗਏ ਹਨ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਖੇਤਰ ਲਈ ਐਡੀਸ਼ਨਲ ਪੁਲਸ ਦਲ ਰਵਾਨਾ ਕੀਤਾ ਗਿਆ ਹੈ ਅਤੇ ਜ਼ਖਮੀ ਜਵਾਨ ਅਤੇ ਲਾਸ਼ ਨੂੰ ਜੰਗਲ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਧਮਤਰੀ ਜ਼ਿਲੇ ਨਾਲ ਲੱਗੇ ਕਾਂਕੇਰ ਜ਼ਿਲੇ 'ਚ ਵੀ ਵੀਰਵਾਰ ਨੂੰ ਨਕਸਲੀਆਂ ਨੇ ਸਰਹੱਦੀ ਸੁਰੱਖਿਆ ਫੋਰਸ ਦੇ ਦਲ 'ਤੇ ਹਮਲਾ ਕਰ ਦਿੱਤਾ ਸੀ, ਇਸ ਹਮਲੇ 'ਚ 4 ਜਵਾਨ ਸ਼ਹੀਦ ਹੋ ਗਏ ਸਨ, ਜਦੋਂ ਕਿ 2 ਹੋਰ ਜ਼ਖਮੀ ਹੋ ਗਏ ਸਨ। ਰਾਜ ਦੇ ਨਕਸਲ ਪ੍ਰਭਾਵਿਤ ਖੇਤਰਾਂ 'ਚ ਨਕਸਲੀਆਂ ਵਲੋਂ ਚੋਣ ਬਾਈਕਾਟ ਦੇ ਐਲਾਨ ਤੋਂ ਬਾਅਦ ਖੇਤਰ 'ਚ ਸੁਰੱਖਿਆ ਫੋਰਸ ਦੇ ਜਵਾਨ ਲਗਾਤਾਰ ਮੁਹਿੰਮ ਚੱਲਾ ਰਹੇ ਹਨ। ਛੱਤੀਸਗੜ੍ਹ ਦੀਆਂ 11 ਲੋਕ ਸਭਾ ਸੀਟਾਂ ਲਈ ਤਿੰਨ ਪੜਾਵਾਂ 'ਚ 11 ਅਪ੍ਰੈਲ, 18 ਅਪ੍ਰੈਲ ਅਤੇ 23 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਪਹਿਲੇ ਪੜਾਅ 'ਚ ਨਕਸਲ ਪ੍ਰਭਾਵਿਤ ਬਸਤਰ ਲੋਕ ਸਭਾ ਸੀਟ ਲਈ, ਦੂਜੇ ਪੜਾਅ 'ਚ ਕਾਂਕੇਰ, ਰਾਜਨਾਂਦਗਾਓਂ ਅਤੇ ਮਹਾਸਮੁੰਦ ਲੋਕ ਸਭਾ ਸੀਟ ਲਈ ਅਤੇ ਤੀਜੇ ਪੜਾਅ 'ਚ ਰਾਏਪੁਰ, ਬਿਲਾਸਪੁਰ, ਰਾਏਗੜ੍ਹ, ਕੋਰਬਾ, ਜਾਂਜਗੀਰ ਚਾਂਪਾ, ਦੁਰਗ ਅਤੇ ਸਰਗੁਜਾ ਲੋਕ ਸਭਾ ਸੀਟਾਂ ਲਈ ਵੋਟਿੰਗ ਹੋਣੀ ਹੈ।


DIsha

Content Editor

Related News