ਗਣਤੰਤਰ ਦਿਵਸ ਦੇ ਜਸ਼ਨਾਂ ਦੌਰਾਨ ਵਾਪਰਿਆ ਭਿਆਨਕ ਹਾਦਸਾ; ਸਕੂਲੀ ਝਾਕੀ ਨੂੰ ਲੱਗੀ ਅੱਗ, 5 ਬੱਚੇ ਝੁਲਸੇ

Monday, Jan 26, 2026 - 06:10 PM (IST)

ਗਣਤੰਤਰ ਦਿਵਸ ਦੇ ਜਸ਼ਨਾਂ ਦੌਰਾਨ ਵਾਪਰਿਆ ਭਿਆਨਕ ਹਾਦਸਾ; ਸਕੂਲੀ ਝਾਕੀ ਨੂੰ ਲੱਗੀ ਅੱਗ, 5 ਬੱਚੇ ਝੁਲਸੇ

ਨਵਾਦਾ, (ਬਿਹਾਰ)- ਬਿਹਾਰ ਦੇ ਨਵਾਦਾ ਜ਼ਿਲ੍ਹੇ ਵਿੱਚ ਗਣਤੰਤਰ ਦਿਵਸ ਦੇ ਜਸ਼ਨਾਂ ਦੌਰਾਨ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਸਕੂਲੀ ਝਾਕੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ ਵਿੱਚ 5 ਬੱਚੇ ਬੁਰੀ ਤਰ੍ਹਾਂ ਝੁਲਸ ਗਏ। ਘਟਨਾ ਤੋਂ ਬਾਅਦ ਸਕੂਲ ਪ੍ਰਬੰਧਕਾਂ ਦੀ ਲਾਪਰਵਾਹੀ ਨੂੰ ਲੈ ਕੇ ਮਾਪਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ ਵਾਰਿਸਲੀਗੰਜ ਨਗਰ ਪਰਿਸ਼ਦ ਖੇਤਰ ਦੇ ਸਬਜ਼ੀ ਬਾਜ਼ਾਰ ਨੇੜੇ ਵਾਪਰੀ। ਇੱਥੇ ਇੱਕ ਨਿੱਜੀ ਸਕੂਲ ਵੱਲੋਂ ਗਣਤੰਤਰ ਦਿਵਸ ਦੇ ਮੌਕੇ 'ਤੇ ਝਾਕੀ ਕੱਢੀ ਜਾ ਰਹੀ ਸੀ। ਪ੍ਰਦਰਸ਼ਨ ਦੇ ਦੌਰਾਨ ਝਾਕੀ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਉੱਥੇ ਮੌਜੂਦ ਬੱਚੇ ਇਸ ਦੀ ਚਪੇਟ ਵਿੱਚ ਆ ਗਏ। ਝੁਲਸੇ ਹੋਏ 5 ਬੱਚਿਆਂ ਵਿੱਚੋਂ ਇੱਕ ਬੱਚੇ ਦੀ ਹਾਲਤ ਬੇਹੱਦ ਚਿੰਤਾਜਨਕ ਦੱਸੀ ਜਾ ਰਹੀ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਹਾਦਸੇ ਤੋਂ ਬਾਅਦ ਸਕੂਲ ਪ੍ਰਬੰਧਕਾਂ ਦਾ ਗੈਰ-ਜ਼ਿੰਮੇਵਾਰਾਨਾ ਰਵੱਈਆ ਦੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵੇਲੇ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਦੀ ਮਦਦ ਲਈ ਕੋਈ ਖ਼ਾਸ ਪ੍ਰਬੰਧ ਨਹੀਂ ਕੀਤੇ ਸਨ। ਸਥਾਨਕ ਲੋਕਾਂ ਨੇ ਆਪਣੀ ਤਤਪਰਤਾ ਦਿਖਾਉਂਦੇ ਹੋਏ ਤੁਰੰਤ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ।

ਪੀੜਤ ਪਰਿਵਾਰਾਂ ਦਾ ਗੁੱਸਾ ਸਕੂਲ ਪ੍ਰਬੰਧਕਾਂ 'ਤੇ ਫੁੱਟ ਪਿਆ ਹੈ ਅਤੇ ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਜਿੱਥੇ ਪੂਰਾ ਦੇਸ਼ ਗਣਤੰਤਰ ਦਿਵਸ ਦੀਆਂ ਖੁਸ਼ੀਆਂ ਮਨਾ ਰਿਹਾ ਸੀ, ਉੱਥੇ ਹੀ ਇਸ ਹਾਦਸੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।


author

Rakesh

Content Editor

Related News