ਕਿਸ਼ਤੀ ਹਾਦਸਾ: ਨੇਵੀ ਦਾ ਬਿਆਨ ਆਇਆ ਸਾਹਮਣੇ, ਦੱਸਿਆ ਕਿਵੇਂ ਵਾਪਰਿਆ ਭਿਆਨਕ ਹਾਦਸਾ

Wednesday, Dec 18, 2024 - 11:48 PM (IST)

ਨੈਸ਼ਨਲ ਡੈਸਕ - ਬੁੱਧਵਾਰ ਨੂੰ ਮੁੰਬਈ ਦੇ ਗੇਟਵੇ ਆਫ ਇੰਡੀਆ ਤੋਂ ਐਲੀਫੈਂਟਾ ਜਾ ਰਹੀ ਨੀਲਕਮਲ ਕਿਸ਼ਤੀ ਤੇਜ਼ ਰਫਤਾਰ ਨਾਲ ਆ ਰਹੀ ਇੱਕ ਛੋਟੀ ਜਲ ਸੈਨਾ ਦੀ ਕਿਸ਼ਤੀ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਕਿਸ਼ਤੀ 'ਤੇ ਚਾਲਕ ਦਲ ਸਮੇਤ 100 ਤੋਂ ਵੱਧ ਯਾਤਰੀ ਸਵਾਰ ਸਨ। ਇਸ ਹਾਦਸੇ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ, ਜਿਸ 'ਚ 101 ਲੋਕਾਂ ਨੂੰ ਬਚਾਇਆ ਗਿਆ ਹੈ, ਜਦਕਿ ਤਿੰਨ ਜਵਾਨਾਂ ਸਮੇਤ 13 ਲੋਕਾਂ ਦੀ ਮੌਤ ਹੋ ਗਈ ਹੈ।

ਇੰਜਣ ਫੇਲ ਹੋਣ ਕਾਰਨ ਵਾਪਰਿਆ ਹਾਦਸਾ
ਨੇਵੀ ਨੇ ਇਸ ਹਾਦਸੇ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਜਲ ਸੈਨਾ ਦਾ ਇੱਕ ਜਹਾਜ਼ ਇੰਜਣ ਫੇਲ ਹੋਣ ਕਾਰਨ ਮੁੰਬਈ ਹਾਰਬਰ ਵਿੱਚ ਇੰਜਣ ਟੈਸਟਿੰਗ ਦੌਰਾਨ ਕੰਟਰੋਲ ਗੁਆ ਬੈਠਾ। ਨਤੀਜੇ ਵਜੋਂ, ਕਿਸ਼ਤੀ ਇੱਕ ਯਾਤਰੀ ਬੇੜੀ ਨਾਲ ਟਕਰਾ ਗਈ ਅਤੇ ਪਲਟ ਗਈ।

ਜਲ ਸੈਨਾ ਦੇ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਸ ਹਾਦਸੇ ਵਿੱਚ ਹੁਣ ਤੱਕ 13 ਮੌਤਾਂ ਹੋ ਚੁੱਕੀਆਂ ਹਨ। ਮੌਕੇ ਤੋਂ ਬਚਾਏ ਗਏ ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ। ਬਚੇ ਲੋਕਾਂ ਨੂੰ ਬਚਾਉਣ ਲਈ 4 ਨੇਵੀ ਹੈਲੀਕਾਪਟਰ, 11 ਜਲ ਸੈਨਾ ਦੇ ਜਹਾਜ਼, ਇੱਕ ਤੱਟ ਰੱਖਿਅਕ ਕਿਸ਼ਤੀ ਅਤੇ ਤਿੰਨ ਸਮੁੰਦਰੀ ਪੁਲਸ ਦੇ ਜਹਾਜ਼ਾਂ ਨਾਲ ਤੁਰੰਤ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ।

ਮੁੱਖ ਮੰਤਰੀ ਫੜਨਵੀਸ ਦਾ ਬਿਆਨ
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਨੇਵੀ ਵਾਈਸ ਐਡਮਿਰਲ ਸੰਜੇ ਜਗਜੀਤ ਸਿੰਘ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਦੱਸਿਆ ਕਿ ਨੀਲਕਮਲ ਕੰਪਨੀ ਦੀ ਕਿਸ਼ਤੀ ਬੁੱਧਵਾਰ ਦੁਪਹਿਰ 3.55 ਵਜੇ ਗੇਟਵੇ ਆਫ ਇੰਡੀਆ ਤੋਂ ਐਲੀਫੈਂਟਾ ਟਾਪੂ ਲਈ ਰਵਾਨਾ ਹੋਈ। ਉਰਨ ਅਤੇ ਕਰੰਜਾ (ਬੱਚਰ ਟਾਪੂ) ਦੇ ਨੇੜੇ ਆਉਂਦੇ ਸਮੇਂ ਜਲ ਸੈਨਾ ਦੀ ਇੱਕ ਤੇਜ਼ ਰਫ਼ਤਾਰ ਛੋਟੀ ਕਿਸ਼ਤੀ ਆਈ ਅਤੇ ਨੀਲਕਮਲ ਕਿਸ਼ਤੀ ਨਾਲ ਟਕਰਾ ਗਈ, ਜਿਸ ਕਾਰਨ ਇਹ ਹਾਦਸਾਗ੍ਰਸਤ ਹੋ ਗਈ। ਵਾਈਸ ਐਡਮਿਰਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸ਼ਾਮ 7 ਵਜੇ ਤੱਕ 13 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚ 3 ਜਲ ਸੈਨਾ ਦੇ ਜਵਾਨ ਅਤੇ 10 ਨਾਗਰਿਕ ਸ਼ਾਮਲ ਸਨ। ਇਸ ਦੇ ਨਾਲ ਹੀ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਮ੍ਰਿਤਕਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦੇਣ ਦਾ ਐਲਾਨ
ਮੁੱਖ ਮੰਤਰੀ ਫੜਨਵੀਸ ਨੇ ਕਿਸ਼ਤੀ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਮੁੱਖ ਮੰਤਰੀ ਸਹਾਇਤਾ ਫੰਡ ਵਿੱਚੋਂ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਨੇਵੀ ਦੇ ਨਾਲ-ਨਾਲ ਪੁਲਸ ਵੀ ਮਾਮਲੇ ਦੀ ਜਾਂਚ ਕਰੇਗੀ।


Inder Prajapati

Content Editor

Related News