ਜਲਸੈਨਾ ਦੇ ਸੇਵਾਮੁਕਤ ਅਧਿਕਾਰੀ ਨਾਲ ਕੁੱਟਮਾਰ ਦੇ ਮਾਮਲੇ ''ਚ ਸ਼ਿਵ ਸੈਨਾ ਦੇ 6 ਵਰਕਰਾਂ ਨੂੰ ਜ਼ਮਾਨਤ ਮਿਲੀ

09/12/2020 6:47:50 PM

ਮੁੰਬਈ- ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ 'ਤੇ ਬਣੇ ਇਕ ਕਾਰਟੂਨ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਨ ਲਈ ਜਲ ਸੈਨਾ ਦੇ ਇਕ ਸੇਵਾਮੁਕਤ ਅਧਿਕਾਰੀ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਸ਼ਨੀਵਾਰ ਨੂੰ ਸ਼ਿਵ ਸੈਨਾ ਦੇ 6 ਵਰਕਰਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਕਿਸੇ ਵੀ ਸਿਆਸੀ ਦਖਲਅੰਦਾਜ਼ੀ ਤੋਂ ਇਨਕਾਰ ਕਰਦੇ ਹੋਏ ਸੰਯੁਕਤ ਪੁਲਸ ਕਮਿਸ਼ਨਰ ਵਿਸ਼ਵਾਸ ਨਾਂਗਰੇ ਪਾਟਿਲ ਨੇ ਕਿਹਾ ਕਿ ਕੋਵਿਡ-19 ਸਥਿਤੀ ਦੇ ਮੱਦੇਨਜ਼ਰ ਦੋਸ਼ੀਆਂ ਨੂੰ ਜ਼ਮਾਨਤ ਦਿੱਤੀ ਗਈ ਹੈ। ਸੇਵਾਮੁਕਤ ਅਧਿਕਾਰੀ ਮਦਨ ਸ਼ਰਮਾ (62) 'ਤੇ ਸ਼ੁੱਕਰਵਾਰ ਨੂੰ ਹੋਏ ਹਮਲੇ ਦੀ ਇਕ ਵੀਡੀਓ ਭਾਜਪਾ ਦੇ ਸਥਾਨਕ ਵਿਧਾਇਕ ਅਤੁਲ ਭਾਤਖਲਕਰ ਨੇ ਟਵਿੱਟਰ 'ਤੇ ਪੋਸਟ ਕੀਤੀ ਸੀ, ਜਿਸ ਤੋਂ ਬਾਅਦ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕਾਂਦਿਵਲੀ ਪੁਲਸ ਥਾਣੇ 'ਚ ਸ਼ਿਵ ਸੈਨਾ ਦੇ ਵਰਕਰਾਂ ਵਿਰੁੱਧ ਇਕ ਸ਼ਿਕਾਇਤ ਦਰਜ ਕੀਤੀ ਗਈ ਹੈ। ਰਾਜ ਵਿਧਾਨ ਪ੍ਰੀਸ਼ਦ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਵੀਨ ਦਰੇਕਰ, ਭਾਤਖਲਕਰ ਅਤੇ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਕਾਂਦਿਵਲੀ 'ਚ ਏ.ਸੀ.ਪੀ. ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ।

ਉਨ੍ਹਾਂ ਨੇ ਆਈ.ਪੀ.ਸੀ. ਦੀਆਂ ਧਾਰਾਵਾਂ 326, 452 ਅਤੇ 450 ਦੇ ਅਧੀਨ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ। ਇਹ ਗੈਰ-ਜ਼ਮਾਨਤੀ ਧਾਰਾਵਾਂ ਹਨ। ਪਾਟਿਲ ਨੇ ਪ੍ਰਦਰਨਸ਼ਕਾਰੀਆਂ ਨੂੰ ਕਿਹਾ ਕਿ ਦੋਸ਼ੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 325 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ, ਜੋ ਜ਼ਮਾਨਤੀ ਅਪਰਾਧ ਹੈ। ਪੁਲਸ ਅਧਿਕਾਰੀ ਨੇ ਕਿਹਾ,''ਆਈ.ਪੀ.ਸੀ. ਦੀ ਧਾਰਾ 325 ਦੇ ਅਧੀਨ ਸ਼ੁੱਕਰਵਾਰ ਨੂੰ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕੋਵਿਡ-19 ਦੇ ਮੱਦੇਨਜ਼ਰ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਕੋਈ ਸਿਆਸੀ ਦਬਾਅ ਨਹੀਂ ਸੀ। ਮੈਨੂੰ ਨਹੀਂ ਲੱਗਦਾ ਕਿ ਧਾਰਾ 326 ਨੂੰ ਲਗਾਇਆ ਜਾ ਸਕਦਾ ਹੈ, ਕਿਉਂਕਿ ਇਸ ਧਾਰਾ ਨੂੰ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਲਈ ਲਗਾਇਆ ਜਾਂਦਾ ਹੈ।''


DIsha

Content Editor

Related News