ਨਰਾਤਿਆਂ ਦੌਰਾਨ 1.70 ਲੱਖ ਸ਼ਰਧਾਲੂਆਂ ਨੇ ਕੀਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ

Wednesday, Oct 01, 2025 - 05:53 PM (IST)

ਨਰਾਤਿਆਂ ਦੌਰਾਨ 1.70 ਲੱਖ ਸ਼ਰਧਾਲੂਆਂ ਨੇ ਕੀਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ

ਕਟੜਾ- ਨਰਾਤਿਆਂ ਦੌਰਾਨ ਮਾਮਤਾ ਵੈਸ਼ਨੋ ਦੇਵੀ ਦੇ ਆਧਾਰ ਕੰਪਲੈਕਸ ਕੱਟੜਾ 'ਚ "ਜੈ ਮਾਤਾ ਦੀ" ਦੇ ਜੈਕਾਰਿਆਂ ਦੀ ਗੂੰਜ ਨਾਲ 1.70 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ। ਨਰਾਤਿਆਂ ਦੌਰਾਨ ਵੈਸ਼ਨੋ ਦੇਵੀ ਮੰਦਰ 'ਚ ਸਭ ਤੋਂ ਵੱਧ ਸ਼ਰਧਾਲੂ ਆਉਂਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਹਰ ਗੁਜ਼ਰਦੇ ਦਿਨ ਦੇ ਨਾਲ ਸ਼ਰਧਾਲੂਆਂ ਦੀ ਗਿਣਤੀ ਵਧੀ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਇਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਚਿਨ ਕੁਮਾਰ ਵੈਸ਼ਯ ਨੇ ਦੱਸਿਆ,''1.70 ਲੱਖ ਤੋਂ ਵੱਧ ਸ਼ਰਧਾਲੂਆਂ ਗੁਫ਼ਾ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ। ਯਾਤਰਾ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਹਰ ਲੰਘਦੇ ਦਿਨ ਦੇ ਨਾਲ ਸ਼ਰਧਾਲੂਆਂ ਦੀ ਗਿਣਤੀ ਵੱਧ ਰਹੀ ਹੈ।'' 

ਉਨ੍ਹਾਂ ਨੇ ਸ਼ਰਧਾਲੂਆਂ ਨੂੰ ਵੱਡੀ ਗਿਣਤੀ 'ਚ ਮੰਦਰ 'ਚ ਆ ਕੇ ਦਰਸ਼ਨ ਕਰਨ ਦੀ ਅਪੀਲ ਕੀਤੀ। "ਜੈ ਮਾਤਾ ਦੀ" ਦੇ ਜੈਕਾਰਿਆਂ ਅਤੇ ਭਗਤੀ ਗੀਤ ਗਾਉਂਦੇ ਹੋਏ ਉਤਸ਼ਾਹੀ ਸ਼ਰਧਾਲੂ ਸਖ਼ਤ ਸੁਰੱਖਿਆ ਵਿਚਾਲੇ ਕੱਟੜਾ ਤੋਂ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਭਵਨ ਤੱਕ ਅੱਗੇ ਵਧੇ। ਉਜੈਨ ਤੋਂ ਸੁਰੇਸ਼ ਕੁਮਾਰ ਨੇ ਕਿਹਾ,"ਅਸੀਂ ਇੱਥੇ ਦਰਸ਼ਨ ਕਰਨ ਆਏ ਹਾਂ। ਅੱਜ ਨੌਮੀ ਹੋਣ ਕਰਕੇ, ਇਹ ਇਕ ਬਹੁਤ ਹੀ ਪਵਿੱਤਰ ਅਤੇ ਸ਼ੁੱਭ ਦਿਨ ਹੈ। ਮੇਰਾ ਮੰਨਣਾ ਹੈ ਕਿ ਹਰ ਕਿਸੇ ਨੂੰ ਆਪਣੇ ਜੀਵਨ ਕਾਲ 'ਚ ਘੱਟੋ-ਘੱਟ ਇਕ ਵਾਰ ਵੈਸ਼ਨੋ ਦੇਵੀ ਦੇ ਦਰਸ਼ਨ ਕਰਨੇ ਚਾਹੀਦੇ ਹਨ। ਇਹ ਸੱਚਮੁੱਚ ਇਕ ਸੁੰਦਰ ਸਥਾਨ ਹੈ ਜੋ ਸ਼ਰਧਾ ਨਾਲ ਭਰੇ ਅਣਗਿਣਤ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦਾ ਹੈ।"

12 ਮੈਂਬਰਾਂ ਵਾਲੇ ਸਮੂਹ 'ਚ ਸ਼ਾਮਲ ਕੁਮਾਰ ਨੇ ਦੱਸਿਆ ਕਿ ਤਵੀ ਨਦੀ 'ਚ ਆਏ ਹੜ੍ਹ ਅਤੇ ਜੰਮੂ ਖੇਤਰ 'ਚ ਭਾਰੀ ਤਬਾਹੀ ਦੇ ਬਾਵਜੂਦ ਉਨ੍ਹਾਂ ਨੇ ਆਪਣੀਆਂ ਰੇਲ ਟਿਕਟਾਂ ਰੱਦ ਨਹੀਂ ਕੀਤੀਆਂ ਸਗੋਂ ਹਰ ਹਾਲ 'ਚ ਮਾਤਾ ਦੇ ਦਰਸ਼ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ,''ਮਾਤਾ ਦਾ ਬੁਲਾਵਾ ਆ ਹੀ ਗਿਆ।'' ਕਰਨਾਟਕ ਦੀ ਵੀਨਾ ਰਾਏ ਨੇ ਕਿਹਾ ਕਿ 2 ਵਾਰ ਟਿਕਟ ਰੱਦ ਕਰਨ ਦੇ ਬਾਵਜੂਦ, ਉਹ ਇੱਥੇ ਆਈ ਅਤੇ ਮਾਤਾ ਦਾ ਆਸ਼ੀਰਵਾਦ ਲਿਆ। ਉਨ੍ਹਾਂ ਕਿਹਾ,''ਹਰ ਸਾਲ ਦੁਰਗਾ ਪੂਜਾ ਅਤੇ ਨਰਾਤਿਆਂ ਦੌਰਾਨ ਮੈਂ ਇੱਥੇ ਆਉਂਦੀ ਹਾਂ। ਮੈਂ ਵਰਤ ਰੱਖਦੀ ਹਾਂ ਅਤੇ ਆਪਣੇ ਪਰਿਵਾਰ ਨਾਲ ਦਰਸ਼ਨ ਕਰਦੀ ਹਾਂ। ਅਸੀਂ ਮੌਸਮ ਦੀ ਖ਼ਰਾਬ ਸਥਿਤੀ ਅਤੇ ਰੇਲ ਆਵਾਜਾਈ 'ਚ ਵਿਘਨ ਕਾਰਨ 2 ਵਾਰ ਟਿਕਟ ਰੱਦ ਕੀਤੇ। ਪਰ ਮਾਤਾ ਦਾ ਬੁਲਾਵਾ ਸੀ ਕਿ ਅਸੀਂ ਲਗਾਤਾਰ 7ਵੇਂ ਸਾਲ ਨਰਾਤਿਆਂ ਦੇ ਦੌਰਾਨ ਇੱਥੇ ਆਏ ਹਾਂ।''

ਦੱਸਣਯੋਗ ਹੈ ਕਿ ਮੋਹਲੇਧਾਰ ਮੀਂਹ ਕਾਰਨ 26 ਅਗਸਤ ਨੂੰ ਹੋਏ ਭਿਆਨਕ ਜ਼ਮੀਨ ਖਿਸਕਣ ਕਾਰਨ 22 ਦਿਨ ਤੱਕ ਮੁਅੱਤਲ ਰਹਿਣ ਤੋਂ ਬਾਅਦ ਵੈਸ਼ਨੋ ਦੇਵੀ ਦੀ ਤੀਰਥ ਯਾਤਰਾ 17 ਸਤੰਬਰ ਨੂੰ ਮੁੜ ਸ਼ੁਰੂ ਹੋਈ। ਇਸ ਜ਼ਮੀਨ ਖਿਸਕਣ ਕਾਰਨ 34 ਲੋਕਾਂ ਦੀ ਮੌਤ ਹੋ ਗਈ ਸੀ ਅਤੇ 20 ਹੋਰ ਜ਼ਖ਼ਮੀ ਹੋ ਗਏ ਸਨ। ਮਹਾਨੌਮੀ ਮੌਕੇ ਵਿਆਪਕ ਸੁਰੱਖਿਆ ਵਿਵਸਥਾ ਦਰਮਿਆਨ ਜੰਮੂ ਸ਼ਹਿਰ ਦੇ ਬਹੂ ਕੋਰਟ ਸਥਿਤ ਮਾਤਾ ਕਾਲੀ ਮੰਦਰ 'ਚ ਸਵੇਰ ਤੋਂ ਹੀ ਸੈਂਕੜੇ ਸ਼ਰਧਾਲੂ ਪੂਜਾ ਲਈ ਇਕੱਠੇ ਹੋਏ। ਇਹ ਮੰਦਰ ਬਾਵੇ ਵਾਲੀ ਮਾਤਾ ਦੇ ਨਾਂ ਨਾਲ ਪ੍ਰਸਿੱਧ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News