ਆਕਸੀਜਨ ਕੰਸਨਟ੍ਰੇਟਰ ਦਾ ਮਾਮਲਾ: ਨਵਨੀਤ ਕਾਲਰਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਟਲੀ

Tuesday, May 25, 2021 - 02:01 PM (IST)

ਆਕਸੀਜਨ ਕੰਸਨਟ੍ਰੇਟਰ ਦਾ ਮਾਮਲਾ: ਨਵਨੀਤ ਕਾਲਰਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਟਲੀ

ਨਵੀਂ ਦਿੱਲੀ— ਆਕਸੀਜਨ ਕੰਸਨਟ੍ਰੇਟਰ ਦੀ ਕਾਲਾਬਾਜ਼ਾਰੀ ਦੇ ਮਾਮਲੇ ਵਿਚ ਦੋਸ਼ੀ ਕਾਰੋਬਾਰੀ ਨਵਨੀਤ ਕਾਲਰਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਦਿੱਲੀ ਦੀ ਅਦਾਲਤ ਨੇ ਮੰਗਲਵਾਰ ਨੂੰ ਟਾਲ ਦਿੱਤੀ ਹੈ। ਹੁਣ ਇਸ ਮਾਮਲੇ ’ਤੇ ਸੁਣਵਾਈ 28 ਮਈ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਛਾਪੇਮਾਰੀ ਕਰ ਕੇ ਕਾਰਵਾਈ ’ਚ ਪੁਲਸ ਨੇ ਕਾਲਰਾ ਦੇ ਮਾਲਿਕਾਨਾ ਹੱਕ ਵਾਲੇ ਖਾਨ ਚਾਚਾ ਰੈਸਟੋਰੈਂਟ, ਟਾਊਨ ਹਾਲ ਅਤੇ ਨੇਗੇ ਜੂ ਰੈਸਟੋਰੈਂਟ ਤੋਂ 524 ਆਕਸੀਜਨ ਕੰਸਨਟ੍ਰੇਟਰ ਬਰਾਮਦ ਕੀਤੇ ਸਨ। ਇਸ ਮਾਮਲੇ ਵਿਚ ਕਾਲਰਾ ਨੂੰ 3 ਜੂਨ ਤੱਕ ਨਿਆਂਇਕ ਹਿਰਾਸਤ ’ਚ ਹੈ।

ਮੈਟਰੋਪੋਲਿਟਨ ਮੈਜਿਸਟ੍ਰੇਟ ਸਵਾਤੀ ਸ਼ਰਮਾ ਨੇ ਮਾਮਲੇ ’ਤੇ ਸੁਣਵਾਈ ਦੀ ਤਾਰੀਖ਼ 28 ਮਈ ਦੁਪਹਿਰ 12 ਵਜੇ ਤੈਅ ਕੀਤੀ ਹੈ। ਸੁਣਵਾਈ ਟਾਲਣ ਦੀ ਬੇਨਤੀ ਦੋਸ਼ੀ ਦੇ ਵਕੀਲ ਵਿਸ਼ਾਲ ਗੋਹਰੀ ਨੇ ਕੀਤੀ ਸੀ। ਅਦਾਲਤ ਇਸ ਤੋਂ ਪਹਿਲਾਂ ਵੀ ਦੋ ਵਾਰ 20 ਮਈ ਅਤੇ 22 ਮਈ ਨੂੰ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਟਾਲ ਚੁੱਕੀ ਹੈ। ਦੱਸ ਦੇਈਏ ਕਿ ਕਾਲਰਾ ਨੂੰ 16 ਮਈ ਨੂੰ ਗੁਰੂਗ੍ਰਾਮ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ। ਪੁਲਸ ਦਾ ਦਾਅਵਾ ਹੈ ਕਿ ਆਕਸੀਜਨ ਕੰਸਨਟ੍ਰੇਟਰ ਚੀਨ ਤੋਂ ਇੰਪੋਰਟ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ 16 ਹਜ਼ਾਰ ਅਤੇ 22 ਹਜ਼ਾਰ ਰੁਪਏ ਦੀ ਬਜਾਏ 50 ਹਜ਼ਾਰ ਰੁਪਏ ਅਤੇ 70 ਹਜ਼ਾਰ ਰੁਪਏ ਵਿਚ ਵੇਚਿਆ ਜਾ ਰਿਹਾ ਸੀ। ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਲਈ ਆਕਸੀਜਨ ਕੰਸਨਟ੍ਰੇਟਰ ਮਹੱਤਵਪੂਰਨ ਉਪਕਰਣ ਹੈ ਅਤੇ ਮਹਾਮਾਰੀ ਦੀ ਦੂਜੀ ਲਹਿਰ ਵਿਚ ਇਨ੍ਹਾਂ ਉਪਕਰਣਾਂ ਦੀ ਕਾਫੀ ਮੰਗ ਰਹੀ ਹੈ।


author

Tanu

Content Editor

Related News