ਨੈਸ਼ਨਲ ਲੈਵਲ ਦੀ ਕਬੱਡੀ ਖਿਡਾਰਨ ਨੂੰ ਮਿਲੀ ਬਲਾਤਕਾਰ ਦੀ ਧਮਕੀ

06/10/2017 9:59:25 PM

ਨਵੀਂ ਦਿੱਲੀ— ਕੌਮੀ ਪੱਧਰ 'ਤੇ ਕਬੱਡੀ 'ਚ ਜਿੱਤ ਹਾਸਲ ਕਰਨ ਵਾਲੀ ਖਿਡਾਰਨ ਨੂੰ ਉਸ ਦੇ ਪਿੰਡ ਦੇ ਹੀ ਦਬੰਗ ਅਤੇ ਉੱਚ ਜਾਤੀ ਦੇ ਲੋਕ ਬਲਾਤਕਾਰ ਕਰਨ ਦੀ ਧਮਕੀ ਦੇ ਰਹੇ ਹਨ। ਦਬੰਗਾਂ ਨੇ ਖੁੱਲੇ ਸ਼ਬਦਾਂ 'ਚ ਕਿਹਾ ਹੈ ਕਿ ਉਹ ਕਬੱਡੀ ਖੇਡਣਾ ਛੱਡ ਦੇਵੇ ਨਹੀਂ ਤਾਂ ਉਸ ਦਾ ਬਲਾਤਕਾਰ ਕਰ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਕ ਮਹਿਲਾ ਖਿਡਾਰਨ ਯਾਦਵ ਜਾਤੀ ਨਾਲ ਸੰਬੰਧ ਰੱਖਦੀ ਹੈ ਅਤੇ ਪਿੰਡ ਦੇ ਦਬੰਗ ਭੂਮਿਹਾਰ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਕੋਈ ਯਾਦਵ ਜਾਤੀ ਦੀ ਲੜਕੀ ਕਬੱਡੀ 'ਚ ਰਾਸ਼ਟਰੀ ਮੁਕਾਬਲੇ 'ਚ ਨਾਂ ਦਰਜ ਕਰਵਾਏ। ਦਬੰਗਾਂ ਦਾ ਮੰਨਣਾ ਹੈ ਕਿ ਜੇਕਰ ਯਾਦਵ ਜਾਤੀ ਦੀ ਲੜਕੀ ਕਬੱਡੀ ਖੇਡੇਗੀ ਤਾਂ ਭੂਮਿਹਾਰ ਜਾਤੀ ਦੀਆਂ ਲੜਕੀਆਂ ਕੀ ਕਰਨਗੀਆਂ।
ਖਬਰਾਂ ਮੁਤਾਬਕ ਥੋੜ੍ਹੇ ਦਿਨ ਪਹਿਲਾਂ ਇਸ ਮਹਿਲਾ ਖਿਡਾਰਨ ਨੇ ਭੂਮਿਹਾਰ ਜਾਤੀ ਦੀ ਮਹਿਲਾ ਖਿਡਾਰਨ ਨੂੰ ਇਕ ਮੁਕਾਬਲੇ 'ਚ ਹਰਾਇਆ ਸੀ। ਇਹ ਪੂਰਾ ਮਾਮਲਾ ਬਿਹਾਰ ਦੀ ਰਾਜਧਾਨੀ ਪਟਨਾ ਤੋਂ 40 ਕਿਲੋਮੀਟਰ ਦੂਰ ਪੰਡਾਰਕ ਪਿੰਡ ਦਾ ਹੈ। ਮਹਿਲਾ ਕਬੱਡੀ ਖਿਡਾਰਨ ਨੇ ਦੱਸਿਆ ਕਿ ਪਿੰਡ ਦੇ ਦਬੰਗਾਂ ਨੇ ਪਹਿਲਾਂ ਉਸ ਦੇ ਪਿਤਾ ਦੀ ਪਿਟਾਈ ਕੀਤੀ ਅਤੇ ਫਿਰ ਧਮਕੀ ਦਿੱਤੀ ਕਿ ਜੇਕਰ ਮਹਿਲਾ ਖਿਡਾਰੀਆਂ ਨੇ ਕਬੱਡੀ ਖੇਡਣਾ ਬੰਦ ਨਹੀਂ ਕੀਤਾ ਤਾਂ ਉਸ ਦਾ ਰਾਸਤੇ 'ਚ ਬਲਾਤਕਾਰ ਕਰ ਦਿੱਤਾ ਜਾਵੇਗਾ।
ਮਹਿਲਾ ਨੇ ਤਿੰਨ ਮਹੀਨੇ ਪਹਿਲਾਂ ਇਸ ਮਾਮਲੇ 'ਚ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਪਰ ਹਾਲੇ ਤਕ ਕੋਈ ਕਾਰਵਾਈ ਨਹੀਂ ਹੋਈ ਹੈ। ਮਹਿਲਾ ਖਿਡਰਾਨ ਨੇ ਸ਼ਨੀਵਾਰ ਨੂੰ ਪਟਨਾ ਦੇ ਐੱਸ.ਐੱਸ.ਪੀ. ਮਨੂ ਮਹਾਜਨ ਨਾਲ ਮੁਲਾਕਾਤ ਕੀਤੀ ਅਤੇ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਸ ਨੂੰ ਦੱਸਿਆ ਹੈ ਕਿ ਦਬੰਗਾਂ ਵੱਲੋਂ ਸਮਝੌਤੇ ਦਾ ਦਬਾਅ ਬਣਾਇਆ ਜਾ ਰਿਹਾ ਹੈ। ਮਨੂ ਮਹਾਜਨ ਨੇ ਉਸ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ।


Related News