ਕੋਰੋਨਾ ਦੀ ਆਫਤ : ਮਾਸਕ ਪਹਿਨ ਕੇ PM ਮੋਦੀ ਦੀ ਮੁੱਖ ਮੰਤਰੀਆਂ ਨਾਲ ਬੈਠਕ, ਜਨਤਾ ਨੂੰ ਸੰਦੇਸ਼
Saturday, Apr 11, 2020 - 02:36 PM (IST)

ਨਵੀਂ ਦਿੱਲੀ (ਵਾਰਤਾ)— ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਅੱਗੇ ਦੀ ਰਣਨੀਤੀ 'ਤੇ ਚਰਚਾ ਲਈ ਸ਼ਨੀਵਾਰ ਭਾਵ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਮਾਸਕ ਪਹਿਨ ਕੇ ਹਿੱਸਾ ਲਿਆ। ਕੋਰੋਨਾ ਮਹਾਮਾਰੀ ਕਾਰਨ ਅਜੇ ਦੇਸ਼ ਵਿਚ 21 ਦਿਨਾਂ ਦਾ ਲਾਕਡਾਊਨ ਲਾਗੂ ਹੈ, ਜਿਸ ਦਾ ਸਮਾਂ 14 ਅਪ੍ਰੈਲ ਨੂੰ ਖਤਮ ਹੋਣਾ ਹੈ। ਇਸ ਮਹੱਤਵਪੂਰਨ ਬੈਠਕ 'ਚ ਮੋਦੀ ਬੈਠਕ ਵਿਚ ਮੋਦੀ ਨੇ ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਦੀ ਸਮੀਖਿਆ ਦੇ ਨਾਲ-ਨਾਲ ਇਸ ਨਾਲ ਨਜਿੱਠਣ ਲਈ ਅੱਗੇ ਦੀ ਰਣਨੀਤੀ 'ਤੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਚਰਚਾ ਕੀਤੀ। ਇਸ ਬੈਠਕ ਦੇ ਆਧਾਰ 'ਤੇ ਲਾਕਡਾਊਨ ਦਾ ਸਮਾਂ ਖਤਮ ਕਰਨ ਜਾਂ ਉਸ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਜਾਵੇਗਾ।
ਇਹ ਬੈਠਕ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪਰ ਪ੍ਰਧਾਨ ਮੰਤਰੀ ਦੇ ਨਾਲ-ਨਾਲ ਮੁੱਖ ਮੰਤਰੀਆਂ ਨੇ ਵੀ ਇਸ 'ਚ ਮਾਸਕ ਪਹਿਨ ਕੇ ਹਿੱਸਾ ਲਿਆ, ਜਿਸ ਦਾ ਮਕਸਦ ਦੇਸ਼ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਹੈ ਕਿ ਹੁਣ ਉਨ੍ਹਾਂ ਨੂੰ ਬਿਨਾਂ ਮਾਸਕ ਪਹਿਨੇ ਘਰ 'ਚੋਂ ਬਾਹਰ ਨਹੀਂ ਨਿਕਲਣਾ ਹੈ।
ਅਜੇ ਇਸ ਗੱਲ ਦੇ ਸਬੂਤ ਨਹੀਂ ਮਿਲੇ ਹਨ ਕਿ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਹਵਾ ਤੋਂ ਹੋ ਰਿਹਾ ਹੈ ਜਾਂ ਨਹੀਂ ਪਰ ਦੇਸ਼ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਸਿਹਤ ਮੰਤਰਾਲਾ ਨੇ ਸਾਰੇ ਲੋਕਾਂ ਨੂੰ ਮੂੰਹ ਅਤੇ ਨੱਕ ਨੂੰ ਢੱਕ ਕੇ ਹੀ ਘਰਾਂ 'ਚੋਂ ਬਾਹਰ ਨਿਕਲਣ ਨੂੰ ਕਿਹਾ ਹੈ। ਕੁਝ ਸੂਬਾ ਸਰਕਾਰਾਂ ਨੇ ਇਸ ਦਾ ਪਾਲਣ ਨਾ ਕਰਨ ਲਈ ਲੋਕਾਂ 'ਤੇ ਜ਼ੁਰਮਾਨਾ ਲਾਉਣ ਦੀ ਵੀ ਵਿਵਸਥਾ ਕੀਤੀ ਹੈ। ਦੱਸ ਦੇਈਏ ਕਿ ਹੁਣ ਤਕ ਦੇਸ਼ 'ਚ 7,447 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 239 ਲੋਕਾਂ ਦੀ ਮੌਤ ਹੋ ਚੁੱਕੀ ਹੈ।