PM ਮੋਦੀ ਨੇ ਸੁਨੀਤਾ ਵਿਲੀਅਮਜ਼ ਨੂੰ ਲਿਖਿਆ ਪੱਤਰ, ਭਾਰਤ ਆਉਣ ਦਾ ਦਿੱਤਾ ਸੱਦਾ
Tuesday, Mar 18, 2025 - 05:40 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੂੰ ਪੱਤਰ ਲਿਖ ਕੇ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਵਿਲੀਅਮਜ਼ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ 9 ਮਹੀਨੇ ਬਿਤਾਉਣ ਤੋਂ ਬਾਅਦ ਬੁੱਧਵਾਰ ਨੂੰ ਧਰਤੀ 'ਤੇ ਵਾਪਸ ਆਉਣ ਵਾਲੀ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ 1 ਮਾਰਚ ਨੂੰ ਲਿਖੇ ਗਏ ਪੱਤਰ ਨੂੰ ਨਾਸਾ ਦੇ ਸਾਬਕਾ ਪੁਲਾੜ ਯਾਤਰੀ ਮਾਈਕ ਮੈਸੀਮਿਨੋ ਦੇ ਮਾਧਿਅਮ ਨਾਲ ਵਿਲੀਅਮਜ਼ ਨੂੰ ਭੇਜਿਆ ਗਿਆ ਹੈ। ਇਹ ਪੱਤਰ ਨੂੰ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸਾਂਝਾ ਕੀਤਾ ਹੈ। ਪੀ.ਐੱਮ. ਮੋਦੀ ਨੇ ਪੱਤਰ 'ਚ ਲਿਖਿਆ,''ਭਾਵੇਂ ਤੁਸੀਂ ਹਜ਼ਾਰਾਂ ਮੀਲ ਦੂਰ ਹੋ, ਤੁਸੀਂ ਸਾਡੇ ਦਿਲਾਂ ਦੇ ਨੇੜੇ ਹੋ। ਭਾਰਤ ਦੇ ਲੋਕ ਤੁਹਾਡੀ ਚੰਗੀ ਸਿਹਤ ਅਤੇ ਤੁਹਾਡੇ ਮਿਸ਼ਨ 'ਚ ਸਫਲਤਾ ਲਈ ਪ੍ਰਾਰਥਨਾ ਕਰ ਰਹੇ ਹਨ। ਅਸੀਂ ਤੁਹਾਡੀ ਵਾਪਸੀ ਤੋਂ ਬਾਅਦ ਭਾਰਤ 'ਚ ਤੁਹਾਨੂੰ ਮਿਲਣ ਦੀ ਉਮੀਦ ਕਰਦੇ ਹਾਂ। ਭਾਰਤ ਲਈ ਆਪਣੀਆਂ ਸਭ ਤੋਂ ਪ੍ਰਤਿਭਾਸ਼ਾਲੀ ਧੀ ਦੀ ਮੇਜ਼ਬਾਨੀ ਕਰਨਾ ਖੁਸ਼ੀ ਦੀ ਗੱਲ ਹੋਵੇਗੀ।''
ਪੀ.ਐੱਮ. ਮੋਦੀ ਨੇ 2016 'ਚ ਅਮਰੀਕਾ ਯਾਤਰਾ ਦੌਰਾਨ ਵਿਲੀਅਮਜ਼ ਅਤੇ ਉਨ੍ਹਾਂ ਦੇ ਮਰਹੂਮ ਪਿਤਾ ਦੀਪਕ ਪਾਂਡਿਆ ਨਾਲ ਹੋਈ ਮੁਲਾਕਾਤ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ 'ਚ ਇਕ ਪ੍ਰੋਗਰਾਮ 'ਚ ਉਨ੍ਹਾਂ ਦੀ ਮੁਲਾਕਾਤ ਮੈਸੀਮਿਨੋ ਨਾਲ ਹੋਈ ਸੀ ਅਤੇ ਗੱਲਬਾਤ ਦੌਰਾਨ ਵਿਲੀਅਮਜ਼ ਦਾ ਜ਼ਿਕਰ ਹੋਇਆ। ਪ੍ਰਧਾਨ ਮੰਤਰੀ ਨੇ ਕਿਹਾ,''ਸਾਡੀ ਗੱਲਬਾਤ ਦੌਰਾਨ ਤੁਹਾਡਾ ਨਾਂ ਆਇਆ ਅਤੇ ਅਸੀਂ ਚਰਚਾ ਕੀਤੀ ਕਿ ਸਾਨੂੰ ਤੁਹਾਡੇ 'ਤੇ ਅਤੇ ਤੁਹਾਡੇ ਕੰਮ 'ਤੇ ਕਿੰਨਾ ਮਾਣ ਹੈ। ਇਸ ਗੱਲਬਾਤ ਤੋਂ ਬਾਅਦ ਮੈਂ ਖ਼ੁਦ ਨੂੰ ਤੁਹਾਨੂੰ ਪੱਤਰ ਲਿਖਣ ਤੋਂ ਨਹੀਂ ਰੋਕ ਸਕਿਆ।'' ਪੀ.ਐੱਮ. ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਯਾਤਰਾ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜੋਅ ਬਾਈਡੇਨ ਨਾਲ ਮੁਲਾਕਾਤ ਦੌਰਾਨ ਵਿਲੀਅਮਜ਼ ਦਾ ਹਾਲ ਜਾਣਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ 1.4 ਅਰਬ ਭਾਰਤੀਆਂ ਨੂੰ ਵਿਲੀਅਮਜ਼ ਦੀਆਂ ਉਪਲੱਬਧੀਆਂ 'ਤੇ ਹਮੇਸ਼ਾ ਮਾਣ ਰਿਹਾ ਹੈ। ਉਨ੍ਹਾਂ ਕਿਹਾ,''ਹਾਲ ਦੇ ਘਟਨਾਕ੍ਰਮਾਂ ਨੇ ਇਕ ਵਾਰ ਮੁੜ ਤੁਹਾਡੇ ਪ੍ਰੇਰਨਾਦਾਇਕ ਸਬਰ ਅਤੇ ਦ੍ਰਿੜਤਾ ਨੂੰ ਦਰਸਾਇਆ ਹੈ।'' ਪੀ.ਐੱਮ. ਮੋਦੀ ਨੇ ਕਿਹਾ ਕਿ ਵਿਲੀਅਮਜ਼ ਦੀ ਮਾਂ ਬੋਨੀ ਪਾਂਡਿਆ ਉਨ੍ਹਾਂ ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੋਵੇਗੀ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ 'ਦੀਪਕ ਭਾਈ' (ਵਿਲੀਅਮਜ਼ ਦੇ ਪਿਤਾ) ਦਾ ਆਸ਼ੀਰਵਾਦ ਵੀ ਉਨ੍ਹਾਂ ਨਾਲ ਹੈ। ਪ੍ਰਧਾਨ ਮੰਤਰੀ ਨੇ ਇਸ ਪੱਤਰ 'ਚ ਵਿਲੀਅਮਜ਼ ਦੇ ਪਤੀ ਮਾਈਕਲ ਵਿਲੀਅਮਜ਼ ਨੂੰ ਵੀ ਆਪਣੀਆਂ ਹਾਰਦਿਕ ਸ਼ੁੱਭਕਾਮਨਾਵਾਂ ਭੇਜੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8