PM ਮੋਦੀ ਨੇ 13,500 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਦਿੱਤੀ ਸੌਗਾਤ, 4 ਨਵੀਆਂ ਟਰੇਨਾਂ ਨੂੰ ਦਿਖਾਈ ਹਰੀ ਝੰਡੀ

Thursday, Apr 24, 2025 - 03:14 PM (IST)

PM ਮੋਦੀ ਨੇ 13,500 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਦਿੱਤੀ ਸੌਗਾਤ, 4 ਨਵੀਆਂ ਟਰੇਨਾਂ ਨੂੰ ਦਿਖਾਈ ਹਰੀ ਝੰਡੀ

ਮਧੂਬਨੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇੱਥੇ ਲਗਭਗ 13,500 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਅਤੇ ਚਾਰ ਨਵੀਆਂ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਈ। ਇਨ੍ਹਾਂ ਚਾਰ ਨਵੀਆਂ ਰੇਲ ਗੱਡੀਆਂ 'ਚ ਸਹਰਸਾ ਅਤੇ ਮੁੰਬਈ ਵਿਚਕਾਰ 'ਅੰਮ੍ਰਿਤ ਭਾਰਤ ਐਕਸਪ੍ਰੈਸ', ਜੈਨਗਰ ਅਤੇ ਪਟਨਾ ਵਿਚਕਾਰ 'ਨਮੋ ਭਾਰਤ ਰੈਪਿਡ ਰੇਲ', ਪਿਪਰਾ-ਸਹਰਸਾ ਅਤੇ ਸਹਰਸਾ-ਸਮਸਤੀਪੁਰ ਵਿਚਕਾਰ ਚੱਲਣ ਵਾਲੀਆਂ ਟਰੇਨਾਂ ਸ਼ਾਮਲ ਹਨ। ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ 'ਤੇ ਇੱਥੇ ਆਯੋਜਿਤ ਇਕ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨੇ ਛਪਰਾ ਅਤੇ ਬਗਾਹਾ ਵਿਖੇ ਸੁਪੌਲ-ਪਿਪਰਾ ਰੇਲਵੇ ਲਾਈਨ, ਹਸਨਪੁਰ-ਬਿਥਨ ਰੇਲਵੇ ਲਾਈਨ ਅਤੇ ਦੋ-ਲੇਨ ਰੇਲਵੇ ਓਵਰਬ੍ਰਿਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਖਗੜੀਆ-ਅਲੌਲੀਆ ਰੇਲਵੇ ਲਾਈਨ ਰਾਸ਼ਟਰ ਨੂੰ ਸਮਰਪਿਤ ਕੀਤੀ।

ਪ੍ਰਧਾਨ ਮੰਤਰੀ ਨੇ ਗੋਪਾਲਗੰਜ ਜ਼ਿਲ੍ਹੇ ਦੇ ਹਥੁਆ ਵਿਖੇ ਲਗਭਗ 340 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਕ ਐੱਲਪੀਜੀ ਬਾਟਲਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ, ਜਿਸ 'ਚ ਰੇਲ ਅਨਲੋਡਿੰਗ ਦੀ ਸਹੂਲਤ ਵੀ ਹੋਵੇਗੀ। ਇਹ ਪਲਾਂਟ ਥੋਕ ਐੱਲਪੀਜੀ ਆਵਾਜਾਈ ਨੂੰ ਵਧੇਰੇ ਕੁਸ਼ਲ ਬਣਾਏਗਾ ਅਤੇ ਸਪਲਾਈ ਲੜੀ 'ਚ ਸੁਧਾਰ ਕਰੇਗਾ। ਪ੍ਰਧਾਨ ਮੰਤਰੀ ਨੇ ਬਿਜਲੀ ਖੇਤਰ 'ਚ ਪੁਨਰਗਠਿਤ ਵੰਡ ਖੇਤਰ ਯੋਜਨਾ ਦੇ ਤਹਿਤ 1,170 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ 5,030 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ 'ਦੀਨਦਿਆਲ ਅੰਤਯੋਦਯ ਯੋਜਨਾ- ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ' ਦੇ ਤਹਿਤ ਬਿਹਾਰ ਦੇ 2 ਲੱਖ ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਨੂੰ ਲਗਭਗ 930 ਕਰੋੜ ਰੁਪਏ ਦੇ ਸਮੁਦਾਇਕ ਨਿਵੇਸ਼ ਫੰਡ ਵੀ ਵੰਡਣਗੇ। ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਦੇ 15 ਲੱਖ ਨਵੇਂ ਲਾਭਪਾਤਰੀਆਂ ਨੂੰ ਸਵੀਕ੍ਰਿਤੀ ਪੱਤਰ ਸੌਂਪੇ ਅਤੇ ਦੇਸ਼ ਭਰ 'ਚ 10 ਲੱਖ ਲਾਭਪਾਤਰੀਆਂ ਨੂੰ ਕਿਸ਼ਤਾਂ ਜਾਰੀ ਕੀਤੀਆਂ। ਉਨ੍ਹਾਂ ਨੇ ਬਿਹਾਰ 'ਚ ਇਕ ਲੱਖ ਪੇਂਡੂ ਅਤੇ 54,000 ਸ਼ਹਿਰੀ ਲਾਭਪਾਤਰੀਆਂ ਨੂੰ ਘਰਾਂ ਦੀਆਂ ਚਾਬੀਆਂ ਸੌਂਪੀਆਂ, ਜੋ ਕਿ 'ਗ੍ਰਹਿ ਪ੍ਰਵੇਸ਼' ਪ੍ਰੋਗਰਾਮ ਦਾ ਹਿੱਸਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News