ਨਗਰੋਟਾ ਸਾਜਿਸ਼ 'ਤੇ PM ਮੋਦੀ ਨੇ ਕੀਤੀ ਉੱਚ ਪੱਧਰੀ ਬੈਠਕ, 26/11 ਵਰਗੇ ਵੱਡੇ ਹਮਲੇ ਦੀ ਫਿਰਾਕ 'ਚ ਸਨ ਅੱਤਵਾਦੀ
Friday, Nov 20, 2020 - 03:32 PM (IST)
ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਨਗਰੋਟਾ 'ਚ ਅੱਤਵਾਦੀਆਂ ਨਾਲ ਮੁਕਾਬਲੇ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਉੱਚ ਪੱਧਰੀ ਮੀਟਿੰਗ ਹੋਈ ਹੈ। ਇਸ ਮੀਟਿੰਗ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਐੱਨ.ਐੱਸ.ਏ. ਅਜੀਤ ਡੋਭਾਲ, ਵਿਦੇਸ਼ ਸਕੱਤਰ ਦੇ ਨਾਲ ਸਾਰੀਆਂ ਖੁਫੀਆ ਏਜੰਸੀਆਂ ਦੇ ਅਫ਼ਸਰ ਮੌਜੂਦ ਰਹੇ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ 26/11 ਦੀ ਬਰਸੀ 'ਤੇ ਕਿਸੇ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ। ਦੱਸਣਯੋਗ ਹੈ ਕਿ ਖੁਫੀਆ ਜਾਣਕਾਰੀ ਤੋਂ ਬਾਅਦ ਪੁਲਸ ਨੇ ਨਗਰੋਟਾ ਇਲਾਕੇ 'ਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਸੀ ਅਤੇ ਹਰ ਨਾਕੇ 'ਤੇ ਗੱਡੀਆਂ ਦੀ ਜ਼ਬਰਦਸਤ ਚੈਕਿੰਗ ਚੱਲ ਰਹੀ ਸੀ। ਇਸ ਦੌਰਾਨ ਸ਼੍ਰੀਨਗਰ-ਜੰਮੂ ਹਾਈਵੇਅ 'ਤੇ ਸਵੇਰੇ 4.20 ਵਜੇ ਦੇ ਨੇੜੇ-ਤੇੜੇ ਕਸ਼ਮੀਰ ਵੱਲ ਵੱਧ ਰਹੇ ਇਕ ਟਰੱਕ ਨੂੰ ਜਵਾਨਾਂ ਨੇ ਚੈਕਿੰਗ ਲਈ ਰੋਕਿਆ ਪਰ ਚੈਕਿੰਗ ਦੌਰਾਨ ਰੋਕਦੇ ਹੀ ਟਰੱਕ ਦਾ ਡਰਾਈਵਰ ਉਤਰ ਕੇ ਦੌੜ ਗਿਆ।
ਇਹ ਵੀ ਪੜ੍ਹੋ : ਜੰਮੂ ਦੇ ਨਗਰੋਟਾ 'ਚ ਐਨਕਾਊਂਟਰ, ਫ਼ੌਜ ਨੇ 4 ਅੱਤਵਾਦੀਆਂ ਨੂੰ ਕੀਤਾ ਢੇਰ
ਸੁਰੱਖਿਆ ਦਸਤਿਆਂ ਨੇ ਜਦੋਂ ਟਰੱਕ ਦੀ ਚੈਕਿੰਗ ਕੀਤੀ ਤਾਂ ਉਸ 'ਚ ਲੁਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਤੋਂ ਬਾਅਦ ਅੱਤਵਾਦੀ ਜੰਗਲ ਵੱਲ ਦੌੜੇ। ਸੁਰੱਖਿਆ ਫੋਰਸ ਦੇ ਜਵਾਨਾਂ ਨੇ ਅੱਤਵਾਦੀਆਂ ਦਾ ਪਿੱਛਾ ਕੀਤਾ। ਜਵਾਬੀ ਕਾਰਵਾਈ ਕੀਤੀ। ਜਾਬਾਂਜ਼ ਜਵਾਨਾਂ ਦੀ ਕਰੀਬ 3 ਘੰਟਿਆਂ ਦੀ ਕਾਰਵਾਈ 'ਚ 4 ਅੱਤਵਾਦੀ ਮਾਰ ਦਿੱਤੇ ਗਏ। ਗੋਲੀਬਾਰੀ ਨਾਲ ਟਰੱਕ 'ਚ ਅੱਗ ਲੱਗ ਗਈ। ਉਸ 'ਚ ਭਾਰੀ ਮਾਤਰਾ 'ਚ ਗੋਲਾ-ਬਾਰੂਦ ਭਰਿਆ ਹੋਇਆ ਸੀ। ਜੰਮੂ-ਕਸ਼ਮੀਰ ਪੁਲਸ ਦੇ ਆਈ.ਜੀ. ਵਿਜੇ ਕੁਮਾਰ ਨੇ ਦੱਸਿਆ ਕਿ ਖੁਫੀਆ ਜਾਣਕਾਰੀ 'ਤੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਸੀ। ਇਕ ਟਰੱਕ ਦੀ ਤਲਾਸ਼ੀ ਸ਼ੁਰੂ ਕਰਨ 'ਤੇ ਗੋਲੀਬਾਰੀ ਸ਼ੁਰੂ ਹੋ ਗਈ। ਇਹ ਐਨਕਾਊਂਟਰ 3 ਘੰਟੇ ਤੱਕ ਚੱਲਿਆ। ਆਪਰੇਸ਼ਨ ਨੂੰ ਪੁਲਸ, ਸੀ.ਆਰ.ਪੀ.ਐੱਫ. ਅਤੇ ਫ਼ੌਜ ਦੀ ਯੂਨਿਟ ਨੇ ਅੰਜਾਮ ਦਿੱਤਾ। ਇਨ੍ਹਾਂ ਚਾਰੇ ਅੱਤਵਾਦੀਆਂ ਦਾ ਸੰਬੰਧ ਜੈਸ਼-ਏ-ਮੁਹੰਮਦ ਨਾਲ ਹੈ। ਫ਼ੌਜ ਮੁਖੀ ਜਨਰਲ ਐੱਮ.ਐੱਮ. ਨਰਵਾਣੇ ਨੇ ਕਿਹਾ ਸੀ ਕਿ ਸੁਰੱਖਿਆ ਫੋਰਸਾਂ ਵਲੋਂ ਇਹ ਇਕ ਬੇਹੱਦ ਸਫ਼ਲ ਆਪਰੇਸ਼ਨ ਰਿਹਾ।