PM ਮੋਦੀ ਦਾ ਐਲਾਨ, ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਨੂੰ ਦਿੱਤਾ ਜਾਵੇਗਾ 10 ਲੱਖ ਦਾ ਫੰਡ
Saturday, May 29, 2021 - 06:55 PM (IST)
ਨਵੀਂ ਦਿੱਲੀ- ਕੋਰੋਨਾ ਆਫ਼ਤ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਹੋਰ ਵੱਡਾ ਐਲਾਨ ਕੀਤਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਕੋਰੋਨਾ ਕਾਰਨ ਜੋ ਬੱਚੇ ਅਨਾਥ ਹੋ ਗਏ ਹਨ, ਉਨ੍ਹਾਂ ਨੂੰ ਪੀ.ਐੱਮ. ਕੇਅਰਜ਼ ਫਾਰ ਚਿਲਡਰਨ ਯੋਜਨਾ ਦੇ ਅਧੀਨ ਮਦਦ ਦਿੱਤੀ ਜਾਵੇਗੀ। ਅਜਿਹੇ ਬੱਚਿਆਂ ਨੂੰ 18 ਸਾਲ ਦੀ ਉਮਰ ਤੋਂ ਬਾਅਦ ਮਹੀਨਾਵਾਰ ਭੱਤਾ (ਸਟਾਈਪੇਂਡ) ਮਿਲੇਗਾ ਅਤੇ 23 ਸਾਲ ਦੇ ਹੋਣ 'ਤੇ ਪੀ.ਐੱਮ. ਕੇਅਰਜ਼ ਫੰਡ ਤੋਂ 10 ਲੱਖ ਰੁਪਏ ਦਾ ਫੰਡ ਦਿੱਤਾ ਜਾਵੇਗਾ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਵਲੋਂ ਦਿੱਤੀ ਗਈ ਹੈ।
ਪੀ.ਐੱਮ.ਓ. ਨੇ ਇਹ ਵੀ ਦੱਸਿਆ ਕਿ ਕੋਰੋਨਾ ਕਾਰਨ ਆਪਣੇ ਮਾਤਾ-ਪਿਤਾ ਨੂੰ ਗੁਆਉਣ ਵਾਲੇ ਬੱਚਿਆਂ ਨੂੰ ਉੱਚ ਸਿੱਖਿਆ ਕਰਜ਼ੇ ਲਈ ਮਦਦ ਦਿੱਤੀ ਜਾਵੇਗੀ। ਪੀ.ਐੱਮ. ਕੇਅਰਜ਼ ਫੰਡ ਤੋਂ ਇਸ ਦਾ ਵਿਆਜ਼ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਬੱਚਿਆਂ ਨੂੰ 18 ਸਾਲ ਦੀ ਉਮਰ ਤੱਕ 5 ਲੱਖ ਰੁਪਏ ਦਾ ਮੁਫ਼ਤ ਸਿਹਤ ਬੀਮਾ ਮਿਲੇਗਾ। ਇਸ ਦੇ ਪ੍ਰੀਮੀਅਮ ਦਾ ਭੁਗਤਾਨ ਪੀ.ਐੱਮ. ਕੇਅਰਜ਼ ਫੰਡ ਤੋਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੱਚੇ ਭਾਰਤ ਦੇ ਭਵਿੱਖ ਦਾ ਪ੍ਰਤੀਨਿਧੀਤੱਵ ਕਰਦੇ ਹਨ, ਅਸੀਂ ਉਨ੍ਹਾਂ ਦਾ ਸਮਰਥਨ ਕਰਨ, ਉਨ੍ਹਾਂ ਦੀ ਰੱਖਿਆ ਕਰਨ ਲਈ ਸਭ ਕੁਝ ਕਰਾਂਗੇ। ਉਨ੍ਹਾਂ ਕਿਹਾ ਕਿ ਸਮਾਜ ਦੇ ਰੂਪ 'ਚ ਇਹ ਸਾਡਾ ਕਰਤੱਵ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਦੇਖਭਾਲ ਕਰੀਏ ਅਤੇ ਉੱਜਵਲ ਭਵਿੱਖ ਦੀ ਉਮੀਦ ਕਰੀਏ।