ਪੰਕਜ ਉਧਾਸ ਦੀ ਮੌਤ 'ਤੇ PM ਮੋਦੀ ਤੇ ਅਮਿਤ ਸ਼ਾਹ ਨੇ ਪ੍ਰਗਟਾਇਆ ਦੁੱਖ, ਕਿਹਾ- ਸੰਗੀਤ ਜਗਤ 'ਚ ਪੈ ਗਿਐ ਵੱਡਾ ਖਲਾਅ

02/27/2024 12:10:06 PM

ਮੁੰਬਈ (ਬਿਊਰੋ) : 'ਚਿੱਠੀ ਆਈ ਹੈ... ਆਈ ਹੈ... ਚਿੱਠੀ ਆਈ ਹੈ...ਬੜੇ ਦਿਨੋਂ ਕੇ ਬਾਦ ਹਮ ਬੇਵਤਨੋ ਕੋ ਯਾਦ ਵਤਨ ਕੀ ਮਿੱਟੀ ਆਈ ਹੈ...' ਅੱਜ ਵੀ ਲੋਕਾਂ ਦੇ ਘਰਾਂ 'ਚ ਸੁਣਿਆ ਜਾਂਦਾ ਹੈ ਪਰ ਇਸ ਨੂੰ ਗਾਉਣ ਵਾਲਾ ਪ੍ਰਸਿੱਧ ਗਾਇਕ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ ਹੈ। ਗਾਇਕ ਪੰਕਜ ਉਧਾਸ ਦਾ ਇਸ ਤਰ੍ਹਾਂ ਤੁਰ ਜਾਣਾ ਹਰ ਕਿਸੇ ਲਈ ਕਿਸੇ ਦੁੱਖ ਤੋਂ ਘੱਟ ਨਹੀਂ ਹੈ। ਪੰਕਜ ਉਧਾਸ ਦੀ ਅਚਾਨਕ ਹੋਈ ਮੌਤ ਨੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਬੀਤੇ ਦਿਨ ਤੋਂ ਹੀ ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ ਛਾਈ ਹੋਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਸਣੇ ਕਈ ਰਾਜ ਨੇਤਾਵਾਂ ਨੇ ਪੰਕਜ ਉਧਾਸ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਹੈ।

PM ਮੋਦੀ ਨੇ ਪ੍ਰਗਟ ਕੀਤਾ ਦੁੱਖ 
ਪੀ. ਐੱਮ. ਮੋਦੀ ਨੇ ਪੰਕਜ ਉਧਾਸ ਦੇ ਦਿਹਾਂਤ 'ਤੇ ਸੋਸ਼ਲ ਮੀਡੀਆ 'ਤੇ ਇਕ ਟਵੀਟ ਪੋਸਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ਹੈ, ''ਅਸੀਂ ਪੰਕਜ ਉਧਾਸ ਜੀ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰਦੇ ਹਾਂ, ਜਿਨ੍ਹਾਂ ਦੀ ਗਾਇਕੀ ਨੇ ਬਹੁਤ ਸਾਰੇ ਜਜ਼ਬਾਤ ਪ੍ਰਗਟ ਕੀਤੇ ਅਤੇ ਜਿਨ੍ਹਾਂ ਦੀਆਂ ਗ਼ਜ਼ਲਾਂ ਰੂਹ ਨੂੰ ਸਿੱਧੀਆਂ ਬੋਲਦੀਆਂ ਸਨ। ਉਹ ਭਾਰਤੀ ਸੰਗੀਤ ਦੇ ਇੱਕ ਪ੍ਰਕਾਸ਼ ਥੰਮ੍ਹ ਸਨ, ਜਿਸ ਦੀਆਂ ਧੁਨਾਂ ਪੀੜ੍ਹੀ ਦਰ ਪੀੜ੍ਹੀ ਚਲੀਆਂ ਗਈਆਂ। ਮੈਨੂੰ ਉਨ੍ਹਾਂ ਨਾਲ ਸਾਲਾਂ ਦੌਰਾਨ ਹੋਈਆਂ ਵੱਖੋ-ਵੱਖਰੀਆਂ ਗੱਲਾਂ ਯਾਦ ਹਨ। ਉਨ੍ਹਾਂ ਦੇ ਦਿਹਾਂਤ ਨਾਲ ਸੰਗੀਤ ਜਗਤ 'ਚ ਇੱਕ ਖਾਲੀਪਣ ਆ ਗਿਆ ਹੈ, ਜੋ ਕਦੇ ਵੀ ਭਰਿਆ ਨਹੀਂ ਜਾ ਸਕਦਾ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ। ਓਮ ਸ਼ਾਂਤੀ।''

PunjabKesari

ਅਮਿਤ ਸ਼ਾਹ ਨੇ ਵੀ ਦਿੱਤੀ ਸ਼ਰਧਾਂਜਲੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੰਕਜ ਉਧਾਸ ਜੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ, ''ਪੰਕਜ ਉਧਾਸ ਨੇ ਆਪਣੀ ਸੁਰੀਲੀ ਆਵਾਜ਼ ਨਾਲ ਕਈ ਪੀੜ੍ਹੀਆਂ ਨੂੰ ਮੋਹਿਤ ਕੀਤਾ। ਉਸ ਦੀਆਂ ਗ਼ਜ਼ਲਾਂ ਅਤੇ ਗੀਤਾਂ ਨੇ ਹਰ ਉਮਰ ਅਤੇ ਵਰਗ ਦੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ। ਅੱਜ ਉਨ੍ਹਾਂ ਦੇ ਦਿਹਾਂਤ ਨਾਲ ਸੰਗੀਤ ਜਗਤ 'ਚ ਇੱਕ ਵੱਡਾ ਖਲਾਅ ਪੈ ਗਿਆ ਹੈ, ਜਿਸ ਨੂੰ ਭਰਨਾ ਲੰਮੇ ਸਮੇਂ ਤੱਕ ਮੁਸ਼ਕਿਲ ਹੈ। ਉਹ ਆਪਣੇ ਗੀਤਾਂ ਅਤੇ ਗ਼ਜ਼ਲਾਂ ਰਾਹੀਂ ਹਮੇਸ਼ਾ ਸਾਡੇ ਵਿਚਕਾਰ ਰਹਿਣਗੇ। ਮੈਂ ਦੁਖੀ ਪਰਿਵਾਰ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਵਾਹਿਗੁਰੂ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ। ਓਮ ਸ਼ਾਂਤੀ ਸ਼ਾਂਤੀ।''

PunjabKesari

ਸੰਗੀਤਕ ਜੀਵਨ ਦੀ ਸ਼ੁਰੂਆਤ ਬਚਪਨ ਤੋਂ ਹੀ ਕੀਤੀ ਸੀ
ਪੰਕਜ ਦਾ ਸੰਗੀਤਕ ਕਰੀਅਰ 6 ਸਾਲ ਦੀ ਉਮਰ ’ਚ ਸ਼ੁਰੂ ਹੋਇਆ ਸੀ। ਉਨ੍ਹਾਂ ਦੇ ਘਰ ਸੰਗੀਤਕ ਮਾਹੌਲ ਸੀ। ਇਸੇ ਗੱਲ ਨੂੰ ਧਿਆਨ ’ਚ ਰੱਖਦਿਆਂ ਉਹ ਸੰਗੀਤ ਦੀ ਦੁਨੀਆ ’ਚ ਆਏ ਤੇ ਸਦਾ ਲਈ ਇਸ ਨਾਲ ਜੁੜੇ ਰਹੇ। ਪੰਕਜ ਉਧਾਸ ਨੇ ਦੱਸਿਆ ਸੀ ਕਿ ਸੰਗੀਤ ਨਾਲ ਉਨ੍ਹਾਂ ਦਾ ਪਹਿਲਾ ਸੰਪਰਕ ਸਕੂਲ ’ਚ ਪ੍ਰਾਰਥਨਾ ਕਰਨ ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਦੀ ਪਹਿਲੀ ਐਲਬਮ ‘ਆਹਟ’ 1980 ’ਚ ਰਿਲੀਜ਼ ਹੋਈ ਸੀ। ਇਸ ’ਚ ਉਨ੍ਹਾਂ ਨੇ ਕਈ ਗ਼ਜ਼ਲਾਂ ਗਾਈਆਂ। ਪੰਕਜ ਉਧਾਸ ਆਪਣੀ ਗ਼ਜ਼ਲ ਗਾਇਕੀ ਲਈ ਮਸ਼ਹੂਰ ਹੋਏ। ਉਨ੍ਹਾਂ ਦੇ ਪ੍ਰਸਿੱਧ ਗੀਤਾਂ ’ਚ ‘ਜੀਏ ਤੋਂ ਜੀਏ ਕੈਸੇ ਬਿਨ ਆਪਕੇ’, ‘ਚਿੱਠੀ ਆਈ ਹੈ’, ‘ਚਾਂਦੀ ਜੈਸਾ ਰੰਗ ਹੈ ਤੇਰਾ, ਸੋਨੇ ਜੈਸੇ ਬਾਲ’, ‘ਨਾ ਕਜਰੇ ਕੀ ਧਾਰ, ਨਾ ਮੋਤੀਓਂ ਕੇ ਹਾਰ’ ਸ਼ਾਮਲ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News