FSSAI ਨੇ ਨਾਮੀ ਕੰਪਨੀ ਨੂੰ ਭੇਜਿਆ ਨੋਟਿਸ ! ਇਸ ਮਾਮਲੇ ''ਚ ਲਿਆ ਐਕਸ਼ਨ
Tuesday, Aug 04, 2026 - 12:33 PM (IST)
ਨੈਸ਼ਨਲ ਡੈਸਕ : ਫੂਡ ਰੈਗੂਲੇਟਰ FSSAI ਨੇ ਡਾਬਰ ਇੰਡੀਆ ਨੂੰ '100 ਫੀਸਦੀ' ਦਾਅਵਿਆਂ ਵਾਲੇ ਕਈ ਉਤਪਾਦ ਵੇਚਣ ਤੋਂ ਰੋਕ ਦਿੱਤਾ ਹੈ, ਜਿਸ 'ਚ ਸ਼ਹਿਦ, ਗਾਂ ਦਾ ਘਿਓ ਅਤੇ ਖਾਣ ਵਾਲੇ ਤੇਲ ਸ਼ਾਮਲ ਹਨ। ਰੈਗੂਲੇਟਰ ਦਾ ਕਹਿਣਾ ਹੈ ਕਿ ਅਜਿਹੀ ਲੇਬਲਿੰਗ ਕਾਨੂੰਨ ਦੇ ਵਿਰੁੱਧ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਕਿ ਉਸਨੇ ਡਾਬਰ ਇੰਡੀਆ ਲਿਮਟਿਡ ਨੂੰ '100 ਪ੍ਰਤੀਸ਼ਤ' ਦਾਅਵਿਆਂ ਵਾਲੇ ਭੋਜਨ ਉਤਪਾਦਾਂ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕੀਤਾ ਹੈ, ਜਿਸ ਵਿੱਚ ਸ਼ਹਿਦ, ਐਪਲ ਸਾਈਡਰ ਸਿਰਕਾ, ਨਾਰੀਅਲ ਤੇਲ, ਤਿਲ ਦਾ ਤੇਲ, ਗਾਂ ਦਾ ਘਿਓ, ਨਾਰੀਅਲ ਪਾਣੀ, ਨਾਰੀਅਲ ਦੁੱਧ ਅਤੇ ਹੋਰ ਸਮਾਨ ਚੀਜ਼ਾਂ ਸ਼ਾਮਲ ਹਨ।
FSSAI ਨੇ ਕਿਹਾ "ਕੰਪਨੀ ਦੀ ਵੈੱਬਸਾਈਟ 'ਤੇ ਵੇਚੇ ਜਾ ਰਹੇ ਭੋਜਨ ਉਤਪਾਦਾਂ ਵਿੱਚ '100% ਕੁਦਰਤੀ', '100% ਸ਼ੁੱਧ', '100% ਸ਼ੁੱਧਤਾ ਦੀ ਗਰੰਟੀਸ਼ੁਦਾ', '100% ਜੈਵਿਕ' ਤੇ '100% ਨਾਰੀਅਲ ਪਾਣੀ' ਵਰਗੇ ਗੁੰਮਰਾਹਕੁੰਨ ਦਾਅਵੇ ਪਾਏ ਗਏ," । ਰੈਗੂਲੇਟਰ ਨੇ ਸਪੱਸ਼ਟ ਕੀਤਾ ਕਿ 100 ਫੀਸਦੀ ਦਾਅਵਿਆਂ ਦੀ ਵਰਤੋਂ FSS (ਇਸ਼ਤਿਹਾਰ ਅਤੇ ਦਾਅਵੇ) ਨਿਯਮ, 2018 ਦੀ ਉਲੰਘਣਾ ਹੈ ਕਿਉਂਕਿ ਇਹ ਅਸਪਸ਼ਟ, ਗੈਰ-ਪ੍ਰਮਾਣਿਕ ਹਨ ਤੇ ਖਪਤਕਾਰਾਂ ਨੂੰ ਗੁੰਮਰਾਹ ਕਰ ਸਕਦੇ ਹਨ।
