ਵੋਟਰ ਸੂਚੀ ''ਚੋਂ ਨਾਮ ਕੱਟੇ ਜਾਣ ਵਾਲਿਆਂ ਨੂੰ ਮਿਲੇਗਾ ਇੱਕ ਹੋਰ ਮੌਕਾ ! ਕਰੋੜਾਂ ਵੋਟਰਾਂ ਦੀ ਹੋਵੇਗੀ ਮੁੜ ਜਾਂਚ
Tuesday, Oct 13, 2026 - 04:06 PM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਵਿੱਚ ਵਿਸ਼ੇਸ਼ ਗਹਿਣ ਸਮੀਖਿਆ (SIR-2026) ਤੋਂ ਬਾਅਦ ਵੋਟਰ ਸੂਚੀ ਵਿੱਚੋਂ 2 ਕਰੋੜ ਤੋਂ ਵੱਧ ਵੋਟਰਾਂ ਦੇ ਨਾਮ ਹਟਾਏ ਜਾਣ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਇੱਕ ਵਾਰ ਫਿਰ ਤੋਂ ਜਾਂਚ ਕਰੇਗਾ। ਕਮਿਸ਼ਨ ਵੱਲੋਂ ਇਹ ਪਤਾ ਲਾਇਆ ਜਾਵੇਗਾ ਕਿ ਜਿਨ੍ਹਾਂ ਵੋਟਰਾਂ ਦੇ ਨਾਮ ਪੁਰਾਣੀ ਵੋਟਰ ਸੂਚੀ ਵਿੱਚ ਸਨ ਪਰ ਨਵੀਂ ਅੰਤਿਮ ਸੂਚੀ ਵਿੱਚ ਨਹੀਂ ਮਿਲੇ, ਉਨ੍ਹਾਂ ਦੀ ਮੌਜੂਦਾ ਸਥਿਤੀ ਕੀ ਹੈ। ਇਸ ਲਈ ਪੂਰੇ ਰਾਜ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ, ਜਿਸ ਤਹਿਤ ਬੂਥ ਲੈਵਲ ਅਧਿਕਾਰੀ ਘਰ-ਘਰ ਜਾ ਕੇ ਵੋਟਰਾਂ ਦੀ ਜਾਂਚ ਅਤੇ ਤਸਦੀਕ ਕਰਨਗੇ।
ਯੂਪੀ ਵਿੱਚ SIR ਸ਼ੁਰੂ ਹੋਣ ਤੋਂ ਪਹਿਲਾਂ ਵੋਟਰ ਸੂਚੀ ਵਿੱਚ ਲਗਭਗ 15.44 ਕਰੋੜ ਵੋਟਰ ਦਰਜ ਸਨ। ਸਮੀਖਿਆ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵੋਟਰਾਂ ਦੀ ਗਿਣਤੀ ਵਿੱਚ 2 ਕਰੋੜ ਤੋਂ ਵੱਧ ਦੀ ਕਮੀ ਆਈ ਸੀ। ਚੋਣ ਕਮਿਸ਼ਨ ਨੇ ਅਜਿਹੇ ਵੋਟਰਾਂ ਨੂੰ ASDD ਸ਼੍ਰੇਣੀ (ਗੈਰ-ਹਾਜ਼ਰ, ਸਥਾਨ ਬਦਲਣ ਵਾਲੇ, ਮ੍ਰਿਤਕ, ਜਾਂ ਦੋਹਰੀ ਐਂਟਰੀ ਵਿੱਚ ਰੱਖਿਆ ਸੀ। ਹੁਣ ਕਮਿਸ਼ਨ ਇਨ੍ਹਾਂ ਵੋਟਰਾਂ ਦੀ ਮੌਜੂਦਾ ਸਥਿਤੀ ਦੀ ਮੁੜ ਜਾਂਚ ਕਰੇਗਾ ਤਾਂ ਜੋ ਯੋਗ ਵੋਟਰਾਂ ਦੇ ਨਾਮ ਦੁਬਾਰਾ ਸੂਚੀ ਵਿੱਚ ਸ਼ਾਮਲ ਕੀਤੇ ਜਾ ਸਕਣ।
ਇਸ ਮੁਹਿੰਮ ਤਹਿਤ BLOs ਇਸ ਸਾਲ 10 ਅਪ੍ਰੈਲ ਨੂੰ ਪ੍ਰਕਾਸ਼ਿਤ ਹੋਈ ਅੰਤਿਮ ਵੋਟਰ ਸੂਚੀ ਦਾ ਮਿਲਾਨ 7 ਜਨਵਰੀ 2025 ਨੂੰ ਪ੍ਰਕਾਸ਼ਿਤ ਹੋਈ ਵੋਟਰ ਸੂਚੀ ਤੇ ਉਸ ਦੀਆਂ ਪੂਰਕ ਸੂਚੀਆਂ ਨਾਲ ਕਰਨਗੇ। ਇਸ ਦੌਰਾਨ ਜਿਨ੍ਹਾਂ ਦੇ ਨਾਮ ਪੁਰਾਣੀ ਸੂਚੀ ਵਿੱਚ ਸਨ ਪਰ ਮੌਜੂਦਾ ਸੂਚੀ ਵਿੱਚ ਨਹੀਂ ਹਨ, ਉਨ੍ਹਾਂ ਦੀ ਪਛਾਣ ਕਰਕੇ BLOs ਘਰ-ਘਰ ਜਾ ਕੇ ਜਾਣਕਾਰੀ ਇਕੱਠੀ ਕਰਨਗੇ। ਜਿਨ੍ਹਾਂ ਵੋਟਰਾਂ ਦੇ ਨਾਮ ਪੁਰਾਣੀ ਸੂਚੀ ਵਿੱਚ ਹੋਣਗੇ ਪਰ ਮੌਜੂਦਾ ਸੂਚੀ ਵਿੱਚ ਨਹੀਂ ਹਨ, ਉਨ੍ਹਾਂ ਦੀ ਇੱਕ ਵੱਖਰੀ ਸੂਚੀ ਤਿਆਰ ਕੀਤੀ ਜਾਵੇਗੀ। ਇਹ ਸੂਚੀ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ (BLA) ਅਤੇ ਇਲੈਕਟੋਰਲ ਰਜਿਸਟ੍ਰੇਸ਼ਨ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾਵੇਗੀ ਤਾਂ ਜੋ ਯੋਗ ਵੋਟਰਾਂ ਦੇ ਨਾਮ ਦੁਬਾਰਾ ਜੋੜਨ ਵਿੱਚ ਸਹਿਯੋਗ ਲਿਆ ਜਾ ਸਕੇ।
ਮੁਹਿੰਮ ਦੌਰਾਨ ਪਹਿਲੀ ਵਾਰ ਵੋਟਰ ਬਣਨ ਵਾਲੇ ਨੌਜਵਾਨਾਂ ਤੋਂ ਫਾਰਮ-6 ਭਰਵਾ ਕੇ ਉਨ੍ਹਾਂ ਦੇ ਨਾਮ ਜੋੜੇ ਜਾਣਗੇ। ਇਸ ਤੋਂ ਇਲਾਵਾ ਬੂਥ ਪੱਧਰ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਜਿਨ੍ਹਾਂ ਵਿੱਚ ਰੈਨ ਬਸੇਰਿਆਂ (ਨਾਈਟ ਸ਼ੈਲਟਰਾਂ), ਮਜ਼ਦੂਰ ਬਸਤੀਆਂ, ਬੇਘਰ ਲੋਕਾਂ ਅਤੇ ਪੱਛੜੇ ਵਰਗਾਂ ਦੇ ਯੋਗ ਨਾਗਰਿਕਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਚੋਣ ਕਮਿਸ਼ਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ 'ਸਵੀਪ' ਗਤੀਵਿਧੀਆਂ, ਸਥਾਨਕ ਜਨ-ਸੰਪਰਕ ਅਤੇ ਪ੍ਰੈੱਸ ਬ੍ਰੀਫਿੰਗਜ਼ ਦਾ ਸਹਾਰਾ ਲਿਆ ਜਾਵੇਗਾ। ਇਸ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ SIR ਤੋਂ ਬਾਅਦ ਵੀ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਵਾਂਝਾ ਨਾ ਰਹੇ।
