ਨਾਗਪੁਰ ਹਿੰਸਾ ਦਾ ਮਾਸਟਰਮਾਈਂਡ ਫਹੀਮ ਖਾਨ ਗ੍ਰਿਫ਼ਤਾਰ

Thursday, Mar 20, 2025 - 10:55 AM (IST)

ਨਾਗਪੁਰ ਹਿੰਸਾ ਦਾ ਮਾਸਟਰਮਾਈਂਡ ਫਹੀਮ ਖਾਨ ਗ੍ਰਿਫ਼ਤਾਰ

ਨਾਗਪੁਰ-  ਮਹਾਰਾਸ਼ਟਰ ਦੇ ਨਾਗਪੁਰ ’ਚ ਹੋਈ ਹਿੰਸਾ ਦੇ ਮਾਸਟਰਮਾਈਂਡ ਫਹੀਮ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਘੱਟ ਗਿਣਤੀ ਡੈਮੋਕ੍ਰੇਟਿਕ ਪਾਰਟੀ ਦਾ ਆਗੂ ਹੈ। ਉਸ ’ਤੇ ਲੋਕਾਂ ਨੂੰ ਹਿੰਸਾ ਲਈ ਭੜਕਾਉਣ ਦਾ ਦੋਸ਼ ਹੈ। ਅਦਾਲਤ ਨੇ ਉਸ ਨੂੰ 21 ਮਾਰਚ ਤੱਕ ਹਿਰਾਸਤ ’ਚ ਭੇਜ ਦਿੱਤਾ ਹੈ। ਪੁਲਸ ਨੇ ਫਹੀਮ ਖਾਨ ਸਮੇਤ 51 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਨਾਗਪੁਰ ’ਚ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨ ਪਿੱਛੋਂ ਭੜਕੀ ਹਿੰਸਾ ਦੌਰਾਨ ਦੰਗਾਕਾਰੀਆਂ ਨੇ ਇਕ ਮਹਿਲਾ ਕਾਂਸਟੇਬਲ ਨਾਲ ਕਥਿਤ ਤੌਰ ’ਤੇ ਛੇੜਛਾੜ ਕੀਤੀ ਸੀ ਤੇ ਉਸ ਦੇ ਕੱਪੜੇ ਉਤਾਰ ਕੇ ਨਗਨ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।

ਭੀੜ ਨੇ ਹੋਰ ਮਹਿਲਾ ਪੁਲਸ ਮੁਲਾਜ਼ਮਾਂ ਪ੍ਰਤੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਨਾਲ ਹੀ ਅਸ਼ਲੀਲ ਟਿੱਪਣੀਆਂ ਵੀ ਕੀਤੀਆਂ। ਅਧਿਕਾਰੀਆਂ ਨੇ ਦੱਸਿਆ ਕਿ ਹਿੰਸਾ ਦੌਰਾਨ ਭੀੜ ਨੇ ਪੁਲਸ ’ਤੇ ਪੈਟਰੋਲ ਬੰਬ ਵੀ ਸੁੱਟੇ। ਪੁਲਸ ਨੇ ਬੁੱਧਵਾਰ ਰਾਤ ਤੱਕ 51 ਦੰਗਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ । ਉਨ੍ਹਾਂ ਵਿਰੁੱਧ ਬੀ. ਐੱਨ. ਐੱਸ. ਦੀਆਂ ਕੁੱਲ 57 ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।

ਕੀ ਹੈ ਮਾਮਲਾ?

ਦੱਸਣਯੋਗ ਹੈ ਕਿ ਹਿੰਸਾ ਇਸ ਅਫਵਾਹ ਤੋਂ ਬਾਅਦ ਭੜਕੀ ਸੀ ਕਿ ਇਕ ਸੱਜੇ-ਪੱਖੀ ਸੰਗਠਨ ਵੱਲੋਂ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਲਈ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੌਰਾਨ ਇਕ ਭਾਈਚਾਰੇ ਦੇ ਧਾਰਮਿਕ ਗ੍ਰੰਥ ਨੂੰ ਸਾੜ ਦਿੱਤਾ ਗਿਆ ਹੈ। ਹੁਣ ਸਥਿਤੀ ਕਾਬੂ ਹੇਠ ਹੈ ਪਰ ਸ਼ਹਿਰ ਦੇ ਕਈ ਨਾਜ਼ੁਕ ਇਲਾਕਿਆਂ ’ਚ ਕਰਫਿਊ ਜਾਰੀ ਹੈ। ਨਾਜ਼ੁਕ ਇਲਾਕਿਆਂ ’ਚ ਪੁਲਸ ਦੇ 2000 ਤੋਂ ਵੱਧ ਹਥਿਆਰਬੰਦ ਜਵਾਨ ਤਾਇਨਾਤ ਕੀਤੇ ਹਨ। ਡਿਪਟੀ ਕਮਿਸ਼ਨਰ ਆਫ਼ ਪੁਲਸ ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਇਕ ਰਿਐਕਸ਼ਨ ਟੀਮ ਤੇ ਦੰਗਾ ਕੰਟਰੋਲ ਪੁਲਸ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ।

ਫਹੀਮ ਨੇ ਗਡਕਰੀ ਵਿਰੁੱਧ ਚੋਣ ਲੜੀ ਸੀ

ਫਹੀਮ ਖਾਨ ਨੇ ਪਿਛਲੇ ਸਾਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਿਰੁੱਧ ਲੋਕ ਸਭਾ ਦੀ ਚੋਣ ਲੜੀ ਸੀ। ਉਹ ਨਾਗਪੁਰ ਦੀ ਸੰਜੇ ਬਾਗ ਕਾਲੋਨੀ ਦੇ ਯਸ਼ੋਧਰਾ ਨਗਰ ਦਾ ਰਹਿਣ ਵਾਲਾ ਹੈ। ਉਹ ਨਿਤਿਨ ਗਡਕਰੀ ਤੋਂ 6.5 ਲੱਖ ਤੋਂ ਵੱਧ ਵੋਟਾਂ ਦੇ ਵੱਡੇ ਫਰਕ ਨਾਲ ਚੋਣ ਹਾਰ ਗਿਆ ਸੀ। ਉਸ ਨੂੰ ਸਿਰਫ਼ 1073 ਵੋਟਾਂ ਮਿਲੀਆਂ ਸਨ।


author

Tanu

Content Editor

Related News